ਬਠਿੰਡਾ: ਪੂਰੇ ਪੰਜਾਬ ਸੂਬੇ ਭਰ ਵਿੱਚ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਸੂਬਾ ਸਰਕਾਰ ਖ਼ਿਲਾਫ਼ ਧਰਨੇ ਦਿੱਤੇ ਜਾ ਰਹੇ ਹਨ। ਇਸੇ ਤਹਿਤ ਅਕਾਲੀ-ਭਾਜਪਾ ਦੇ ਪ੍ਰਦਰਸ਼ਨਕਾਰੀਆਂ ਨੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਨੂੰ ਪੰਜਾਬ ਸਰਕਾਰ ਦੇ ਨਾਂਅ ਮੰਗ ਪੱਤਰ ਦਿੱਤਾ। ਅਕਾਲੀ ਭਾਜਪਾ ਦੇ ਇਸ ਪ੍ਰਦਰਸ਼ਨ 'ਚ ਸਿਕੰਦਰ ਸਿੰਘ ਮਲੂਕਾ ਤੇ ਵਾਈਸ ਪ੍ਰਧਾਨ ਦਿਆਲ ਸਿੰਘ ਸੋਢੀ ਮੌਜੂਦ ਰਹੇ।
ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਗਦੀਪ ਸਿੰਘ ਨਕਈ ਨੇ ਦੱਸਿਆ ਕਿ ਕੋਰੋਨਾ ਸੰਕਟ 'ਚ ਕੇਂਦਰ ਸਰਕਾਰ ਵੱਲੋਂ ਜੋ ਰਸਦ ਲੋੜਵੰਦਾਂ ਲਈ ਭੇਜੀ ਗਈ ਸੀ ਉਹ ਰਸਦ ਸੂਬਾ ਸਰਕਾਰ ਨੇ ਆਪਣੇ ਚਹੇਤਿਆਂ ਨੂੰ ਵੰਡ ਦਿੱਤੀ ਹੈ। ਇਸ ਤੋਂ ਇਲਾਵਾ ਸੂਬਾ ਸਰਕਾਰ ਨੂੰ ਜਿੱਥੇ ਲੋਕਾਂ ਨੂੰ ਰਾਸ਼ਨ ਮੁਹੱਈਆ ਕਰਵਾਉਣਾ ਚਾਹੀਦਾ ਸੀ ਉੱਥੇ ਹੀ ਸਰਕਾਰ ਗਰੀਬ ਲੋਕਾਂ ਦੇ ਬਣੇ ਨੀਲੇ ਕਾਰਡਾਂ ਨੂੰ ਬੰਦ ਕਰ ਰਹੀ ਹੈ ਤੇ ਰਾਸ਼ਨ ਵੀ ਨਹੀਂ ਮੁਹੱਈਆ ਕਰਵਾ ਰਹੀ।
ਭਾਰਤੀ ਜਨਤਾ ਪਾਰਟੀ ਦੇ ਵਾਈਸ ਪ੍ਰਧਾਨ ਦਿਆਲ ਸਿੰਘ ਸੋਢੀ ਨੇ ਕਿਹਾ ਕਿ ਅੱਜ ਦੋਹਾਂ ਪਾਰਟੀਆਂ ਨੇ ਮਿਲ ਕੇ ਸੂਬਾ ਸਰਕਾਰ ਦੀਆਂ ਮਾੜੀਆਂ ਨੀਤੀਆਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਝੂਠ ਬੋਲ ਕੇ ਸੱਤਾ ਵਿੱਚ ਆਈ ਹੈ। ਸੂਬਾ ਸਰਕਾਰ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਕਈ ਵਾਅਦੇ ਕੀਤੇ ਸੀ ਜਿਨ੍ਹਾਂ ਚੋਂ ਅਜੇ ਤੱਕ ਕੋਈ ਵੀ ਵਾਅਦਾ ਪੂਰਾ ਨਹੀਂ ਹੋਇਆ। ਉਨ੍ਹਾਂ ਨੇ ਕਿਹਾ ਕਿ ਹੁਣ ਪੰਜਾਬ 'ਚ ਘੁਟਾਲਿਆਂ ਦੀ ਸਰਕਾਰ ਬਣ ਚੁੱਕੀ ਹੈ।
ਸਾਬਕਾ ਕੈਬਿਨੇਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਦੱਸਿਆ ਕਿ ਕਾਂਗਰਸ ਸਰਕਾਰ ਪੰਜਾਬ ਵਿੱਚ ਲਗਾਤਾਰ ਘੁਟਾਲੇ ਕਰ ਰਹੀ ਹੈ। ਉਹ ਘੁਟਾਲਾ ਭਾਵੇਂ ਸ਼ਰਾਬ ਘੁਟਾਲਾ ਹੋਵੇ, ਸਿਹਤ ਮਾਫੀਆ ਹੋਵੇ, ਗੁੰਡਾਗਰਦੀ ਹੋਵੇ ਜਾਂ ਰਾਸ਼ਨ ਵੰਡਣ ਦਾ ਹੋਵੇ ਜਾਂ ਨੀਲੇ ਕਾਰਡ ਧਾਰਕਾਂ ਦੇ ਕਾਰਡ ਬੰਦ ਕਰਨ ਦਾ ਮੁੱਦਾ ਹੋਵੇ। ਅੱਜ ਕੈਪਟਨ ਸਰਕਾਰ ਬੁਰੀ ਤਰ੍ਹਾਂ ਫ਼ੇਲ੍ਹ ਹੋ ਚੁੱਕੀ ਹੈ ਜਿਸ ਦੇ ਰੋਸ ਵਜੋਂ ਅੱਜ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਹ ਵੀ ਪੜ੍ਹੋ:ਫਾਇਨਾਂਸ ਕੰਪਨੀਆਂ ਖ਼ਿਲਾਫ਼ ਲਗਾਇਆ ਧਰਨਾ