ਬਠਿੰਡਾ: ਕੋਰੋਨਾ ਵਾਇਰਸ ਕਾਰਨ ਲੋਕ ਆਪਣੇ ਘਰਾਂ ਵਿੱਚ ਬੈਠਣ ਨੂੰ ਮਜਬੂਰ ਹਨ। ਅਜਿਹੇ ਵਿੱਚ ਖ਼ੁਸ਼ੀਆਂ ਮਨਾਉਣ ਲਈ ਵੀ ਲੋਕ ਮੋਹਤਾਜ ਹਨ। ਇਸ ਮੌਕੇ ਪੰਜਾਬ ਪੁਲਿਸ ਲੋਕਾਂ ਨੂੰ ਖੁਸ਼ੀਆਂ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ।
ਅਜਿਹਾ ਹੀ ਇਕ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਜਿੱਥੇ ਕੈਨਾਲ ਥਾਣਾ ਪੁਲਿਸ ਵੱਲੋਂ 2 ਸਾਲ ਦੀ ਬੱਚੀ ਦਾ ਜਨਮ ਦਿਨ ਮਨਾਇਆ ਗਿਆ। ਕੈਨਾਲ ਥਾਣੇ ਦੇ ਇੰਚਾਰਜ ਸੁਨੀਲ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੋਸ਼ਲ ਮੀਡੀਆ ਤੋਂ ਜਾਣਕਾਰੀ ਮਿਲੀ ਸੀ ਕਿ ਇੱਕ 2 ਸਾਲ ਦੀ ਬੱਚੀ ਦਾ ਜਨਮ ਦਿਨ ਹੈ ਤੇ ਕੋਰੋਨਾ ਸੰਕਟ ਕਾਰਨ ਲੋਕ ਆਪਣੇ ਘਰਾਂ ਵਿੱਚ ਆਪਣੀਆਂ ਖੁਸ਼ੀਆਂ ਨਹੀਂ ਮਨਾ ਪਾ ਰਹੇ ਹਨ ਤਾਂ ਅਜਿਹੇ ਵਿੱਚ ਉਨ੍ਹਾਂ ਦੇ ਜ਼ਹਿਨ ਵਿੱਚ ਆਇਆ ਕਿ ਉਹ ਬੱਚੀ ਦੇ ਜਨਮ ਦਿਵਸ ਮੌਕੇ ਉਸ ਨੂੰ ਕੇਕ ਅਤੇ ਗਿਫਟ ਲਿਆ ਕੇ ਖੁਸ਼ੀ ਦੇਵੇ।
ਇਸ ਲਈ ਕੈਨਾਲ ਪੁਲਿਸ ਫੋਰਸ 2 ਸਾਲ ਦੀ ਸਹਿਜਪ੍ਰੀਤ ਕੌਰ ਲਈ ਕੇਕ ਅਤੇ ਗਿਫਟ ਲੈ ਕੇ ਘਰ ਪਹੁੰਚੇ ਤੇ ਪੂਰੇ ਪਰਿਵਾਰ ਨੂੰ ਖੁਸ਼ੀਆਂ ਦੇਣ ਦੀ ਕੋਸ਼ਿਸ਼ ਕੀਤੀ, ਜੋ ਕੋਰੋਨਾ ਸੰਕਟ ਵਿੱਚ ਆਪਣੀ ਬੱਚੀ ਦਾ ਜਨਮ ਦਿਨ ਨਹੀਂ ਮਨਾ ਪਾ ਰਹੇ ਸਨ।
ਬਠਿੰਡਾ ਪੁਲਿਸ ਜਦੋਂ ਸਹਿਜਪ੍ਰੀਤ ਕੌਰ ਦੇ ਜਨਮ ਦਿਵਸ ਮੌਕੇ ਕੇਕ ਅਤੇ ਗਿਫਟ ਲੈ ਕੇ ਪਹੁੰਚੀ ਤਾਂ ਪਰਿਵਾਰ ਨੂੰ ਕਾਫ਼ੀ ਖ਼ੁਸ਼ੀ ਹੋਈ। ਇਸ ਮੌਕੇ ਸਹਿਜਪ੍ਰੀਤ ਕੌਰ ਦੀ ਮਾਂ ਜੋਤੀ ਰਾਣੀ ਨੇ ਦੱਸਿਆ ਕਿ ਉਹ ਬਠਿੰਡਾ ਪੁਲਿਸ ਦੇ ਸਰਪ੍ਰਾਈਜ਼ ਤੋਂ ਬਹੁਤ ਖ਼ੁਸ਼ ਹੈ, ਕਿਉਂਕਿ ਕੋਰੋਨਾ ਸੰਕਟ ਵਿੱਚ ਤਾਂ ਸਾਰੇ ਲੋਕ ਆਪਣੇ ਘਰਾਂ ਵਿੱਚ ਬੈਠੇ ਹਨ ਤੇ ਕੰਮਕਾਜ ਬਿਲਕੁਲ ਠੱਪ ਹਨ ਪਰ ਫਿਰ ਵੀ ਬਠਿੰਡਾ ਪੁਲਿਸ ਨੇ ਉਨ੍ਹਾਂ ਨਾਲ ਇਸ ਇਸ ਮੌਕੇ ਖੁਸ਼ੀ ਸਾਂਝੀ ਕੀਤੀ।