ਬਠਿੰਡਾ: ਬੁੱਧਵਾਰ ਨੂੰ ਬਠਿੰਡਾ ਨਗਰ ਨਿਗਮ ਹਾਊਸ ਦੀ ਬੈਠਕ ਬੁਲਾਈ ਗਈ ਜਿਸ ਵਿੱਚ ਨਗਰ ਨਿਗਮ ਦੇ ਆਲਾ ਅਧਿਕਾਰੀਆਂ ਸਣੇ 50 ਵਾਰਡਾਂ ਦੇ ਸਾਰੇ ਮਿਊਂਸੀਪਲ ਕੌਂਸਲਰ ਮੌਜੂਦ ਰਹੇ। ਬਠਿੰਡਾ ਵਿਕਾਸੀ ਕਾਰਜਾਂ ਨੂੰ ਲੈ ਕੇ ਪੰਜ ਘੰਟੇ ਚੱਲੀ ਮੀਟਿੰਗ ਵਿੱਚ 41 ਏਜੰਡਿਆਂ 'ਤੇ ਚਰਚਾ ਕੀਤੀ ਗਈ ਜਿਸ ਵਿੱਚੋਂ 38 ਏਜੰਡਿਆਂ 'ਤੇ ਕਾਂਗਰਸ ਅਤੇ ਅਕਾਲੀ ਦਲ ਪਾਰਟੀ ਦੇ ਮਿਊਂਸੀਪਲ ਕੌਂਸਲਰਾਂ ਵੱਲੋਂ ਸਹਿਮਤੀ ਪ੍ਰਗਟਾਉਂਦਿਆਂ ਮਤੇ ਪਾਸ ਕੀਤੇ ਗਏ।
ਇਸ ਹਾਊਸ ਦੀ ਮੀਟਿੰਗ ਬਾਰੇ ਜਾਣਕਾਰੀ ਦਿੰਦਿਆ ਬਠਿੰਡਾ ਦੇ ਮੇਅਰ ਬਲਵੰਤ ਰਾਏ ਨਾਥ ਨੇ ਦੱਸਿਆ ਕਿ ਪਾਸ ਕੀਤੇ ਗਏ ਮਤੇ ਵਿੱਚੋਂ ਸੀਵਰੇਜ਼ ਅਤੇ ਨਿਕਾਸੀ ਕਾਰਜਾਂ ਦੇ ਨਾਲ ਨਾਲ ਆਵਾਰਾ ਪਸ਼ੂਆਂ ਦਾ ਵੀ ਟੈਂਡਰ ਪਾਸ ਕੀਤਾ ਗਿਆ। ਆਏ ਦਿਨ ਆਵਾਰਾ ਪਸ਼ੂ ਦੀ ਕਿਸੇ ਕਾਰਨ ਹੋਣ ਵਾਲੀ ਮੌਤ ਨੂੰ ਲੈ ਕੇ ਉਨ੍ਹਾਂ ਦੇ ਸਸਕਾਰ ਲਈ ਇਲੈਕਟ੍ਰੀਕਲ ਭੱਠੀ ਲਗਾਈ ਜਾਣ ਦਾ ਪ੍ਰਸਤਾਵ ਰੱਖਿਆ ਗਿਆ। ਇਸ ਦੇ ਨਾਲ ਹੀ ਅਵਾਰਾ ਪਸ਼ੂ ਦੀ ਚਮੜੀ ਅਤੇ ਹੱਡੀਆਂ ਨੂੰ ਵਰਤੋਂ ਵਿੱਚ ਲੈਣ ਲਈ ਵੀ ਟੈਂਡਰ ਪਾਇਆ ਜਾਣ ਦਾ ਮਤਾ ਰੱਖਿਆ ਗਿਆ ਸੀ ਜੋ ਕਿ ਸਰਬ ਸਹਿਮਤੀ ਨਾਲ ਪਾਸ ਹੋ ਗਿਆ ਹੈ।ਇਸ ਤੋਂ ਇਲਾਵਾ ਬਠਿੰਡਾ ਦੇ ਸੰਜੇ ਨਗਰ ਵਿੱਚ ਗੰਦੇ ਪਾਣੀ ਦੇ ਛੱਪੜ ਨੂੰ ਪਾਰਕ ਵਿੱਚ ਤਬਦੀਲ ਕਰਕੇ ਉਸ ਵਿੱਚ ਡਾ. ਭੀਮ ਰਾਓ ਅੰਬੇਦਕਰ ਲਾਇਬ੍ਰੇਰੀ ਬਣਾਏ ਜਾਣ ਦਾ ਵੀ ਪ੍ਰਸਤਾਵ ਰੱਖਿਆ ਗਿਆ ਸੀ ਜਿਸ ਨੂੰ ਪਾਸ ਕਰਨ ਲਈ ਵੀ ਸਰਬ ਸਹਿਮਤੀ ਪ੍ਰਗਟਾਈ ਗਈ। ਇਸ ਦੇ ਨਾਲ ਹੀ ਬਠਿੰਡਾ ਦੀ ਸੰਗੂਆਣਾ ਬਸਤੀ ਵਿੱਚ ਪੰਦਰਾਂ ਸੌ ਗਜ਼ ਦਾ ਵਿਸ਼ੇਸ ਤੌਰ 'ਤੇ ਇੱਕ ਕਮਿਊਨਿਟੀ ਹਾਲ ਬਣਾਇਆ ਜਾਣ ਦਾ ਪ੍ਰਸਤਾਵ ਰੱਖਿਆ ਗਿਆ ਹੈ ਜਿਸ ਨੂੰ ਜਲਦ ਹੀ ਮੁਕੰਮਲ ਕੀਤਾ ਜਾਵੇਗਾ।
ਇਸ ਦੇ ਨਾਲ ਹੀ ਮਿਊਂਸੀਪਲ ਕਾਰਪੋਰੇਸ਼ਨ ਦੀ ਹਾਊਸ ਮੀਟਿੰਗ ਵਿੱਚ ਪਾਣੀ ਦੇ ਡਿੱਗਦੇ ਹੋਏ ਪੱਧਰ ਨੂੰ ਬਚਾਉਣ ਸਬੰਧੀ ਵੀ ਫੈਸਲਾ ਲਿਆ ਗਿਆ। ਹੁਣ ਸਵਾ ਸੌ ਗਜ਼ ਤੋਂ ਵੱਧ ਜਗ੍ਹਾ 'ਤੇ ਮਕਾਨ ਬਣਾਉਣ ਵਾਲੇ ਨੂੰ ਬੋਰਵੈੱਲ ਲਗਾਉਣਾ ਲਾਜ਼ਮੀ ਹੋਵੇਗਾ। ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਮਾਲਕ ਵੱਲੋਂ ਪੰਜ ਹਜ਼ਾਰ ਰੁਪਏ ਜਮ੍ਹਾਂ ਕਰਵਾਈ ਗਈ ਸਿਕਿਓਰਿਟੀ ਦੀ ਰਕਮ ਵੀ ਜਬਤ ਕੀਤੀ ਜਾ ਸਕਦੀ ਹੈ।