ਬਠਿੰਡਾ: ਸਥਾਨਕ ਸ਼ਹਿਰ 'ਚ ਇੱਕ ਹੋਰ ਥੈਲੇਸੀਮੀਆ ਪੀੜਤ ਬੱਚਾ ਐੱਚਆਈਵੀ ਪੌਜ਼ੀਟਿਵ ਕੇਸ ਸਾਹਮਣੇ ਆਇਆ ਹੈ। ਇਸ ਨੂੰ ਸਿਵਲ ਹਸਪਤਾਲ ਦੇ ਵਿਵਾਦਤ ਬਲੱਡ ਬੈਂਕ ਤੋਂ ਪੀੜਤ ਬੱਚੇ ਨੂੰ ਖ਼ੂਨ ਚੜ੍ਹਾਇਆ ਗਿਆ ਸੀ। ਬਠਿੰਡਾ 'ਚ ਪੰਜ ਬੱਚਿਆਂ ਦੇ ਟੈਸਟ ਹੋਏ ਜਿਨ੍ਹਾਂ ਵਿੱਚੋਂ ਬਰਨਾਲਾ ਦੇ ਬੱਚੇ ਦੀ ਰਿਪੋਰਟ ਪੌਜ਼ੀਟਿਵ ਆਈ ਹੈ।
ਬਠਿੰਡਾ ਦੇ ਸਿਵਲ ਹਸਪਤਾਲ ਦੇ ਬਲੱਡ ਬੈਂਕ ਵੱਲੋਂ ਬੱਚਿਆਂ ਨੂੰ ਐੱਚਆਈਵੀ ਪੀੜਤ ਦਾ ਖੂਨ ਚੜ੍ਹਾਉਣ ਦਾ ਮਾਮਲਾ ਭੱਖਦਾ ਹੋਇਆ ਨਜ਼ਰ ਆ ਰਿਹਾ ਹੈ। ਸਿਵਲ ਹਸਪਤਾਲ ਬਠਿੰਡਾ ਵਿਖੇ ਥੈਲੇਸੀਮੀਆ ਪੀੜਤ ਪੰਜ ਬੱਚਿਆਂ ਦੇ ਟੈਸਟ ਹੋਏ, ਜਿਨ੍ਹਾਂ ਵਿਚੋਂ ਇੱਕ ਬੱਚਾ ਐੱਚਆਈਵੀ ਪੀੜਤ ਅਤੇ ਇਕ ਬੱਚਾ ਹੈਬੀਟੇਟ ਸੀ ਪੌਜ਼ੀਟਿਵ ਆਇਆ ਹੈ, ਜਿਸ ਤੋਂ ਬਾਅਦ ਸਿਹਤ ਅਧਿਕਾਰੀਆਂ ਵਿੱਚ ਹੜਕੰਪ ਮੱਚ ਗਿਆ।
ਮਿਲੀ ਜਾਣਕਾਰੀ ਅਨੁਸਾਰ ਹੁਣ ਤੱਕ ਕਰੀਬ ਚਾਰ ਬੱਚਿਆਂ ਨੂੰ ਐਚਆਈਵੀ ਪੀੜਤ ਵਿਅਕਤੀਆਂ ਦਾ ਖੂਨ ਚੜ੍ਹਾਇਆ ਗਿਆ ਹੈ ਅਤੇ ਥੈਲੇਸੀਮੀਆ ਪੀੜਤ ਬੱਚਿਆਂ ਨੂੰ ਐੱਚਆਈਵੀ ਖ਼ੂਨ ਚੜ੍ਹਾਉਣ ਦੇ ਮਾਮਲੇ ਵਿੱਚ ਸਿਹਤ ਵਿਭਾਗ ਵੱਲੋਂ ਬੀਤੇ ਦਿਨੀਂ 4 ਲੈਬ ਟੈਕਨੀਸ਼ੀਅਨ ਨੂੰ ਸਸਪੈਂਡ ਕੀਤਾ ਗਿਆ ਸੀ। ਅੱਜ ਆਈ ਰਿਪੋਰਟ ਅਨੁਸਾਰ ਬਰਨਾਲਾ ਵਾਸੀ 11 ਸਾਲਾ ਬੱਚਾ ਜੋ ਕਿ ਥੈਲੇਸੀਮੀਆ ਬੀਮਾਰੀ ਨਾਲ ਪੀੜਤ ਸੀ ਐਚਆਈਵੀ ਪੌਜ਼ੀਟਿਵ ਪਾਇਆ ਗਿਆ। ਇਸ ਬੱਚੇ ਨੂੰ ਸਿਵਲ ਹਸਪਤਾਲ ਦੇ ਬਲੱਡ ਬੈਂਕ ਵਿਚੋਂ ਹੀ ਖੂਨ ਚੜ੍ਹਾਇਆ ਸੀ।