ਬਠਿੰਡਾ: ਪੰਜਾਬ ਵਿੱਚ ਵਪਾਰੀਆਂ ਤੋਂ ਫਿਰੌਤੀ ਮੰਗਣ ਅਤੇ ਡਰਾਉਣ-ਧਮਕਾਉਣ ਦੇ ਮਾਮਲੇ ਸਾਹਮਣੇ ਆਏ। ਇਨ੍ਹਾਂ ਮਾਮਲਿਆਂ ਤੋਂ ਕਾਰਵਾਈ ਕਰਦੇ ਹੋਏ ਪੁਲਿਸ ਲਗਾਤਾਰ ਇਨ੍ਹਾਂ ਮੁਲਜ਼ਮਾਂ ਨੂੰ ਟ੍ਰੇਸ ਕਰਦੇ ਹੋਏ ਛਾਪੇਮਾਰੀ ਕਰ ਰਹੀ ਹੈ। ਇਸ ਦੌਰਾਨ ਗੈਂਗਸਟਰ ਅਰਸ਼ ਡੱਲਾ ਦੇ ਇੱਕ ਸਾਥੀ ਨੂੰ ਅਸਲੇ ਸਣੇ ਪੁਲਿਸ ਨੇ ਕਾਬੂ ਕੀਤਾ ਹੈ। ਫੜੇ ਗਏ ਨੌਜਵਾਨ ਦੇ ਸਾਥੀ ਨੂੰ ਜ਼ੀਰਕਪੁਰ ਵਿਖੇ ਇਨਕਾਊਂਟਰ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ।
ਪਿਸਤੌਲਾਂ ਅਤੇ ਜਿੰਦਾ ਕਾਰਤੂਸ ਬਰਾਮਦ: ਵਪਾਰੀਆਂ ਤੋਂ ਫਿਰੌਤੀ ਮੰਗਣ ਵਾਲੇ ਗੈਂਗਸਟਰ ਅਰਸ਼ ਡਾਲਾ ਅਤੇ ਉਸ ਦੇ ਦੋ ਸਾਥੀਆਂ ਖ਼ਿਲਾਫ਼ ਬਠਿੰਡਾ ਦੀ ਸੀਆਈਏ-2 ਦੀ ਪੁਲਿਸ ਨੇ ਰਾਮਾ ਮੰਡੀ ਥਾਣੇ ਵਿੱਚ ਕੇਸ ਦਰਜ ਕੀਤਾ ਹੈ। ਇਨ੍ਹਾਂ 'ਚੋਂ ਇਕ ਗੈਂਗਸਟਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਉਸ ਕੋਲੋਂ ਦੋ ਪਿਸਤੌਲਾਂ ਤੋਂ ਇਲਾਵਾ ਜਿੰਦਾ ਕਾਰਤੂਸ ਵੀ ਬਰਾਮਦ ਹੋਏ ਹਨ। ਇਹ ਵਿਅਕਤੀ ਕੈਨੇਡਾ ਵਿਚ ਰਹਿੰਦੇ ਗੈਂਗਸਟਰ ਅਰਸ਼ ਡਾਲਾ ਲਈ ਕੰਮ ਕਰਦਾ ਸੀ ਅਤੇ ਆਪਣੇ ਸਾਥੀਆਂ ਨਾਲ ਮਿਲ ਕੇ ਕਾਰੋਬਾਰੀਆਂ ਤੋਂ ਫਿਰੌਤੀ ਮੰਗਦਾ ਸੀ। ਫਿਰੌਤੀ ਨਾ ਦੇਣ ਦੀ ਸੂਰਤ ਵਿੱਚ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ।
ਵਿਦੇਸ਼ ਬੈਠੇ ਅਰਸ਼ ਡੱਲਾ ਲਈ ਕਰਦੇ ਕੰਮ : ਫੜ੍ਹੇ ਗਏ ਮੁਲਜ਼ਮ ਦੀ ਪਛਾਣ ਹਰਜੀਵਨ ਵਜੋਂ ਹੋਈ ਹੈ, ਜਦਕਿ ਦੂਜੇ ਮੁਲਜ਼ਮ ਦੀ ਪਛਾਣ ਪਰਮਜੀਤ ਸਿੰਘ ਪੰਮਾ ਵਜੋਂ ਹੋਈ ਹੈ, ਜੋ ਜ਼ੀਰਕਪੁਰ ਵਿੱਚ ਮੁਕਾਬਲੇ ਦੌਰਾਨ ਫੜ੍ਹਿਆ ਗਿਆ ਸੀ। ਇਹ ਦੋਵੇਂ ਗੈਂਗਸਟਰ ਅਰਸ਼ ਡੱਲਾ ਦੇ ਕਹਿਣ 'ਤੇ ਕਾਰੋਬਾਰੀਆਂ ਤੋਂ ਫਿਰੌਤੀ ਮੰਗਦੇ ਸਨ ਅਤੇ ਪੈਸੇ ਨਾ ਦੇਣ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਸਨ। ਐੱਸਐੱਸਪੀ ਬਠਿੰਡਾ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਹਰਜੀਵਨ ਨੂੰ ਫਿਰੌਤੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦਕਿ ਉਸ ਦੇ ਸਾਥੀ ਨੂੰ ਜ਼ੀਰਕਪੁਰ ਵਿੱਚ ਹੋਏ ਮੁਕਾਬਲੇ ਦੌਰਾਨ ਪੁਲਿਸ ਨੇ ਫੜਿਆ ਹੈ।