ਬਠਿੰਡਾ: ਦਿੱਲੀ-ਹਰਿਆਣਾ ਦੀ ਸੀਮਾ ਉੱਤੇ ਜਾਰੀ ਇਤਿਹਾਸਕ ਕਿਸਾਨ ਅੰਦੋਲਨ 'ਚ ਸ਼ਾਮਲ ਹਜ਼ਾਰਾਂ ਮਾਵਾਂ-ਭੈਣਾਂ ਅਤੇ ਬਹੂ-ਬੇਟੀਆਂ ਦਾ ਖਿਆਲ ਰੱਖਦੇ ਹੋਏ ਆਮ ਆਦਮੀ ਪਾਰਟੀ ਦੀਆਂ ਮਹਿਲਾ ਟੀਮਾਂ ਨੇ ਇੱਕ ਨਵੀਂ ਪਹਿਲ ਕੀਤੀ ਹੈ। ਇਸ ਨਿਸ਼ਕਾਮ ਅਤੇ ਨਿਰਸਵਾਰਥ ਮਿਸ਼ਨ ਤਹਿਤ 'ਆਪ' ਦੀਆਂ ਮਹਿਲਾ ਟੀਮਾਂ ਵੱਲੋਂ ਧਰਨਾ ਸਥਾਨ 'ਤੇ ਘੁੰਮ ਫਿਰ ਕੇ ਮਹਿਲਾ ਅੰਦੋਲਨਕਾਰੀਆਂ ਨੂੰ ਸੈਨੇਟਰੀ ਪੈਡ ਅਤੇ ਸਬੰਧਤ ਲੋੜੀਦੀ ਸਮੱਗਰੀ ਮੁਹੱਈਆ ਕਰਵਾਈ ਜਾ ਰਹੀ ਹੈ।
ਜਾਰੀ ਬਿਆਨ ਵਿੱਚ ਜਾਣਕਾਰੀ ਦਿੰਦੇ ਹੋਏ ਪਾਰਟੀ ਦੀ ਵਿਧਾਇਕ ਰੁਪਿੰਦਰ ਕੌਰ ਰੂਬੀ ਨੇ ਦੱਸਿਆ ਕਿ ਹੁਣ ਤੱਕ ਤਿੰਨ ਹਜ਼ਾਰ ਤੋਂ ਵੱਧ ਮਹਿਲਾ ਅੰਦੋਲਨਕਾਰੀਆਂ ਨੂੰ ਸੈਨੇਟਰੀ ਪੈਡ ਅਤੇ ਰੋਜ਼ਮਰਾ ਲਈ ਲੋੜੀਦੀਆਂ ਹੋਰ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀਆਂ ਹਦਾਇਤਾਂ ਉੱਤੇ ਪਾਰਟੀ ਦੇ ਆਗੂ ਅਤੇ ਵਾਲੰਟੀਅਰ ਅੰਦੋਲਨਕਾਰੀ ਕਿਸਾਨਾਂ ਦੀ ਸੇਵਾ ਵਿੱਚ ਵੱਖ-ਵੱਖ ਜ਼ਿੰਮੇਵਾਰੀਆਂ ਨਿਭਾਅ ਰਹੇ ਹਨ। ਮਹਿਲਾ ਟੀਮਾਂ ਨੂੰ ਵਿਸ਼ੇਸ਼ ਹਦਾਇਤਾਂ ਹਨ ਕਿ ਉਹ ਧਰਨੇ ਵਿੱਚ ਸ਼ਾਮਲ ਸਾਰੀਆਂ ਮਾਵਾਂ-ਭੈਣਾਂ ਦੀਆਂ ਜ਼ਰੂਰਤਾਂ ਦਾ ਖਾਸ ਖਿਆਲ ਰੱਖਣ।
ਉਨ੍ਹਾਂ ਕਿਹਾ ਕਿ 'ਆਪ' ਦੀਆਂ ਮਹਿਲਾ ਸੇਵਾਦਾਰ ਅਲੱਗ-ਅਲੱਗ ਟੀਮਾਂ ਬਣਾ ਕੇ ਧਰਨਾ ਸਥਾਨ ਉੱਤੇ ਘੁੰਮ-ਘੁੰਮ ਕੇ ਅੰਦੋਲਨਕਾਰੀ ਮਹਿਲਾਵਾਂ ਨੂੰ ਮਿਲ ਰਹੀਆਂ ਅਤੇ ਉਨ੍ਹਾਂ ਨੂੰ ਨਾ ਕੇਵਲ ਜ਼ਰੂਰਤ ਅਨੁਸਾਰ ਸੈਨੇਟਰੀ ਪੈਡ ਮੁਹੱਈਆ ਕੀਤੇ ਜਾ ਰਹੇ ਹਨ, ਬਲਕਿ ਲੋੜੀਦੀ ਡਾਕਟਰੀ ਸੇਵਾ ਬਾਰੇ ਵੀ ਪੁੱਛਿਆ ਜਾ ਰਿਹਾ ਹੈ, ਕਿਉਂਕਿ ਦਿੱਲੀ ਸਰਕਾਰ ਵੱਲੋਂ ਮਹਿਲਾ ਧਰਨਾਕਾਰੀਆਂ ਦਾ ਵਿਸ਼ੇਸ਼ ਖਿਆਲ ਰੱਖਦੇ ਹੋਏ ਐਂਬੂਲੈਂਸਾਂ, ਸਿਹਤ ਕਰਮੀਆਂ ਅਤੇ ਮਹਿਲਾ ਡਾਕਟਰਾਂ ਦੀਆਂ ਵੀ ਵਿਸ਼ੇਸ਼ ਡਿਊਟੀਆਂ ਲਗਾਈਆਂ ਗਈਆਂ ਹਨ।
ਵਿਧਾਇਕਾ ਰੂਬੀ ਨੇ ਕਿਹਾ ਕਿ ਧਰਨੇ 'ਚ ਸ਼ਾਮਲ ਬੇਟੀਆਂ, ਮਾਵਾਂ-ਭੈਣਾਂ ਅਤੇ ਬਜ਼ੁਰਗ ਦਾਦੀਆਂ ਦੀ ਸ਼ਮੂਲੀਅਤ ਮਾਣਮੱਤੀ ਹੈ ਅਤੇ ਆਮ ਆਦਮੀ ਪਾਰਟੀ ਬਤੌਰ ਸੇਵਾਦਾਰ ਆਪਣਾ ਫ਼ਰਜ਼ ਸਮਝਦੀ ਹੈ ਕਿ ਕਿਸੇ ਵੀ ਮਾਂ-ਭੈਣ ਨੂੰ ਕੋਈ ਤਕਲੀਫ਼ ਨਾ ਆਉਣ ਦਿੱਤੀ ਜਾਵੇ। 'ਆਪ' ਮਹਿਲਾ ਸੇਵਾਦਾਰ ਟੀਮਾਂ ਦੀ ਅਗਵਾਈ ਕਰਨ ਵਾਲਿਆਂ ਵਿੱਚ ਅਮਰਦੀਪ ਕੌਰ, ਮੌਨਿਕਾ, ਸੁਖਵਿੰਦਰ ਕੌਰ, ਸੁਖਵਿੰਦਰ ਕੌਰ ਗਹਿਲੋਤ, ਜਸਪਾਲ ਕੌਰ ਅਤੇ ਹੋਰ ਮਹਿਲਾ ਆਗੂ ਅਤੇ ਵਾਲੰਟੀਅਰ ਸ਼ਾਮਲ ਹਨ।