ਬਠਿੰਡਾ : ਪੰਜਾਬ ਵਿੱਚ ਚਿੱਟੇ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਬਠਿੰਡਾ ਦੇ ਜਨਤਾ ਨਗਰ ਵਿੱਚ ਸੋਮਵਾਰ ਨੂੰ ਇੱਕ ਨੌਜਵਾਨ ਦੀ ਚਿੱਟੇ ਦੇ ਓਵਰਡੋਜ਼ ਕਾਰਨ ਮੌਤ ਹੋ ਗਈ। ਉਸ ਦੀ ਲਾਸ਼ ਨੇੜੇ ਨਸ਼ੇ ਦਾ ਟੀਕਾ ਵੀ ਮਿਲਿਆ ਹੈ। ਨੌਜਵਾਨ ਵੈਲਫੇਅਰ ਸੁਸਾਇਟੀ ਦੇ ਵਲੰਟੀਅਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮ੍ਰਿਤਕ ਨੌਜਵਾਨ ਦੇ ਸਾਥੀ ਨੇ ਆ ਕੇ ਜਾਣਕਾਰੀ ਦਿੱਤੀ ਕਿ ਉਸ ਦੇ ਸਾਥੀ ਦੀ ਹਾਲਤ ਗੰਭੀਰ ਹੈ, ਤਾਂ ਉਹ ਤੁਰੰਤ ਐਬੂਲੈਂਸ ਲੈ ਕੇ ਮੌਕੇ ਉੱਤੇ ਪਹੁੰਚੇ। ਪਰ, ਜਦੋਂ ਉੱਥੇ ਜਾ ਕੇ ਵੇਖਿਆ ਤਾਂ, ਇੱਕ ਨੌਜਵਾਨ ਮ੍ਰਿਤਕ ਹਾਲਤ ਵਿੱਚ ਪਿਆ ਸੀ। ਲਾਸ਼ ਨੇੜੇ ਨਸ਼ੇ ਦਾ ਇੰਜੈਕਸ਼ਨ ਵੀ ਸੀ।
ਨੌਜਵਾਨ ਸ਼ਰੇਆਮ ਕਰਦੇ ਨਸ਼ਾ : ਮੁਹੱਲਾ ਵਾਸੀ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਇੱਥੇ ਵੱਡੀ ਗਿਣਤੀ ਵਿੱਚ ਨੌਜਵਾਨ ਨਸ਼ਾ ਕਰਨ ਲਈ ਆਉਂਦੇ ਹਨ ਜਿਸ ਕਾਰਨ ਉਹ ਵੀ ਕਾਫੀ ਪਰੇਸ਼ਾਨ ਹਨ। ਪੁਲਿਸ ਵਿਭਾਗ ਨੂੰ ਵੀ ਕਈ ਵਾਰ ਇਸ ਸੰਬੰਧੀ ਸੂਚਿਤ ਕੀਤਾ ਗਿਆ ਹੈ, ਪਰ ਉਨ੍ਹਾਂ ਵੱਲੋਂ ਵੀ ਕੋਈ ਕਦਮ ਨਹੀਂ ਚੁੱਕੇ ਗਏ। ਉਨ੍ਹਾਂ ਦੱਸਿਆ ਕਿ 2 ਨੌਜਵਾਨ ਆਏ ਸੀ, ਦੋਨੋਂ ਨਸ਼ਾ ਕਰ ਰਹੇ ਸੀ, ਪਰ ਉਨ੍ਹਾਂ ਚੋਂ ਇਕ ਡਿਗ ਗਿਆ। ਉਸ ਨੂੰ ਮਰਿਆ ਵੇਖ ਦੂਜਾ ਨੌਜਵਾਨ ਉੱਥੋ ਫ਼ਰਾਰ ਹੋ ਗਿਆ।
ਨਹਿਰੀ ਵਿਭਾਗ ਦਾ ਖਾਲੀ ਕਮਰਾ ਨਸ਼ੇ ਦਾ ਅੱਡਾ ਬਣਿਆ : ਅੰਮ੍ਰਿਤਪਾਲ ਨੇ ਦੱਸਿਆ ਕਿ ਨੌਜਵਾਨ ਨੂੰ ਸ਼ਰੇਆਮ ਚਿੱਟੇ ਦੀ ਭੇਟ ਚੜ੍ਹ ਰਹੇ ਹਨ ਅਤੇ ਲਗਾਤਾਰ ਉਨ੍ਹਾਂ ਵੱਲੋਂ ਨਸ਼ਾ ਸ਼ਰੇਆਮ ਲਿਆ ਜਾ ਰਿਹਾ ਹੈ, ਪਰ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਦੱਸਿਆ ਕਿ ਨਹਿਰੀ ਵਿਭਾਗ ਦਾ ਕਮਰਾ ਹੈ। ਅਸੀਂ ਇਹ ਮੰਗ ਵੀ ਕੀਤੀ ਹੈ ਕਿ ਇਸ ਨੂੰ ਢਾਹ ਦਿੱਤਾ ਜਾਵੇ, ਕਿਉਂਕਿ ਇਹ ਨਸ਼ੇ ਦਾ ਅੱਡਾ ਬਣ ਚੁੱਕਾ ਹੈ।
ਇਸ ਸਮੇਂ ਪ੍ਰਤੱਖ ਦਰਸ਼ੀਆਂ ਵੱਲੋਂ ਸ਼ਰੇਆਮ ਕਮਰੇ ਵਿੱਚ ਖਿਲਰੇ ਹੋਏ ਨਸ਼ੇ ਦੇ ਹੋਰ ਸਾਮਾਨ ਵੀ ਦਿਖਾਏ ਗਏ। ਮੌਕੇ ਉੱਤੇ ਪਹੁੰਚੇ ਏਐਸਆਈ ਮੁਨਸ਼ੀ ਸਿੰਘ, ਪੀਸੀਆਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕਮਰੇ ਵਿੱਚ ਨੌਜਵਾਨ ਦੀ ਲਾਸ਼ ਪਈ ਹੈ। ਇਸ ਸਬੰਧੀ ਉਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: Khalistani slogans written Hindu temple: ਵਿਰਾਸਤੀ ਹਿੰਦੂ ਮੰਦਰ ਦੀਆਂ ਕੰਧਾਂ ਉੱਤੇ ਲਿਖੇ ਖਾਲਿਸਤਾਨੀ ਨਾਅਰੇ