ਬਠਿੰਡਾ: ਕਾਂਗਰਸ ਪਾਰਟੀ ਨੂੰ ਪੰਜਾਬ ਦੀ ਸੱਤਾ 'ਤੇ ਕਾਬਜ਼ ਹੋਇਆਂ 3 ਸਾਲ ਬੀਤ ਚੁੱਕੇ ਹਨ। ਸੱਤਾ ਹਾਸਿਲ ਕਰਨ ਲਈ ਕਾਂਗਰਸ ਨੇ ਵਾਅਦਿਆਂ ਦੀ ਝੜੀ ਲਾ ਦਿੱਤੀ ਸੀ। ਕੈਪਟਨ ਸਰਕਾਰ ਨੇ 3 ਸਾਲਾਂ ਵਿੱਚ ਕਿੰਨੇ ਕੁ ਵਾਅਦੇ ਪੂਰੇ ਕੀਤੇ ਹਨ, ਇਸ ਬਾਰੇ ਈਟੀਵੀ ਭਾਰਤ ਦੀ ਟੀਮ ਨੇ ਬਠਿੰਡਾ ਵਿੱਚ ਵਕੀਲਾਂ ਅਤੇ ਆਮ ਲੋਕਾਂ ਨਾਲ ਗੱਲਬਾਤ ਕੀਤੀ।
ਵਕੀਲ ਰੋਹਿਤ ਸ਼ਰਮਾ ਨੇ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਕਿਹਾ ਕਿ ਕੈਪਟਨ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾ ਕਿਸਾਨਾਂ, ਵਿਦਿਆਰਥੀਆਂ, ਮਜ਼ਦੂਰਾਂ ਨਾਲ ਬਹੁਤ ਵਾਅਦੇ ਕੀਤੇ ਸਨ ਪਰ ਕੈਪਟਨ ਸਰਕਾਰ ਨੇ ਹਾਲੇ ਤੱਕ ਕੋਈ ਵਾਅਦਾ ਪੂਰਾ ਨਹੀਂ ਕੀਤਾ।
ਉਨ੍ਹਾਂ ਨੇ ਕਿਹਾ ਕੈਪਟਨ ਨੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ ਦੀ ਗੱਲ ਆਖੀ ਸੀ ਪਰ ਅਜੇ ਤੱਕ ਕਿਸਾਨ ਅਤੇ ਖੇਤ ਮਜ਼ਦੂਰ ਕਰਜ਼ੇ ਬੋਝ ਥੱਲੇ ਖ਼ੁਦਕੁਸ਼ੀਆਂ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਰਕਾਰ ਨੇ ਨਾ ਤਾਂ ਸਿਹਤ ਸੁਵਿਧਾਵਾਂ ਹਲੇ ਤੱਕ ਪ੍ਰਦਾਨ ਕਰਵਾਈਆਂ ਹਨ ਅਤੇ ਨਾ ਹੀ ਸਰਕਾਰ ਸਿੱਖਿਆ ਵੱਲ ਧਿਆਨ ਦੇ ਰਹੀ ਹੈ।
ਉੱਥੇ ਹੀ ਵਕੀਲ ਅਮਨਦੀਪ ਕੌਰ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਚੋਣ ਲੜਨ ਤੋਂ ਪਹਿਲਾਂ ਕਿਹਾ ਸੀ ਕਿ ਪੰਜਾਬ ਵਿੱਚ ਕੁੜੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇਗੀ, ਪਰ ਅਜਿਹਾ ਕੁਝ ਨਹੀਂ ਹੋ ਸਕਿਆ ਹੈ।
ਇਹ ਵੀ ਪੜੋ: ਕੈਪਟਨ ਦੇ ਤਿੰਨ ਸਾਲ, ਸਿੱਖਿਆ ਮੰਤਰੀ ਨੇ ਆਪਣੇ ਮਹਿਕਮੇ ਦੇ ਗਾਏ ਸੋਹਲੇ
ਇਸ ਦੇ ਨਾਲ ਹੀ ਬਠਿੰਡਾ ਦੇ ਨੌਜਵਾਨ ਇੰਦਰਜੀਤ ਸਿੰਘ ਨੇ ਕਿਹਾ ਕਿ ਕਾਂਗਰਸ ਨੇ ਸਮਾਰਟ ਫੋਨ ਦੇਣ ਦਾ ਵਾਅਦਾ ਕੀਤਾ ਸੀ ਪਰ ਅੱਜ ਤੱਕ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ ਹੈ।