ਬਰਨਾਲਾ: ਕਾਲੇ ਖੇਤੀ ਕਾਨੂੰਨਾਂ, ਬਿਜਲੀ ਸੋਧ ਬਿੱਲ ਅਤੇ ਹੋਰ ਹੱਕੀ ਮੰਗਾਂ ਨੂੰ ਲੈ ਕੇ ਲਗਾਤਾਰ ਦਿੱਲੀ ਦੀਆਂ ਹੱਦਾਂ ’ਤੇ ਕਿਸਾਨ ਅੰਦੋਲਨ ਜਾਰੀ ਹੈ। ਇਸੇ ਅੰਦੋਲਨ ਤਹਿਤ 8 ਮਾਰਚ ਨੂੰ ਕੌਮਾਂਤਰੀ ਔਰਤ ਦਿਵਸ ਮੌਕੇ ਦਿੱਲੀ ਦੇ ਟਿੱਕਰੀ ਬਾਰਡਰ ’ਤੇ ਕੀਤੀ ਜਾ ਰਹੀ ਵਿਸ਼ਾਲ ਔਰਤ ਮਹਾਂਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ਦੀ ਤਿਆਰੀ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬਰਨਾਲਾ ਸੂਬਾ ਪੱਧਰੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਸੈਂਕੜੇ ਔਰਤ ਕਾਰਕੁਨਾਂ ਸਮੇਤ ਦੋ ਹਜ਼ਾਰ ਤੋਂ ਵੱਧ ਜਥੇਬੰਦਕ ਕਾਰਕੁਨ ਸ਼ਾਮਲ ਹੋਏ।
ਇਸ ਮੌਕੇ ਜਾਣਕਾਰੀ ਦਿੰਦਿਆਂ ਜੱਥੇਬੰਦੀ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਮੀਟਿੰਗ ਦੌਰਾਨ ਦੁਨੀਆਂ ਦੇ ਵੱਖ-ਵੱਖ ਕੋਨਿਆਂ ਵਿੱਚ ਕਿਰਤੀ ਦੀ ਆਰਥਿਕ ਲੁੱਟ ਖਸੁੱਟ ਵਿਰੁੱਧ ਅਤੇ ਔਰਤਾਂ ਦੀ ਸਮਾਜਿਕ ਬਰਾਬਰੀ ਵਾਲੀ ਹੈਸੀਅਤ ਸਬੰਧੀ ਸਦੀਆਂ ਤੋਂ ਚੱਲ ਰਹੇ ਔਰਤ ਘੋਲ਼ਾਂ ਨੂੰ ਉਚਿਆਉਣ ਲਈ ਦੁਨੀਆਂ ਭਰ ਵਿੱਚ ਮਨਾਏ ਜਾਂਦੇ ਇਸ ਦਿਨ ਦੀ ਮਹੱਤਤਾ ਬਾਰੇ ਸੂਬਾਈ ਬੁਲਾਰਿਆਂ ਵਲੋਂ ਜਾਗਰੂਕ ਕੀਤਾ ਗਿਆ।
ਦਿੱਲੀ ਦੀ ਮਹਾਰੈਲੀ ਸਬੰਧੀ ਵਿਸ਼ਾਲ ਲਾਮਬੰਦੀਆਂ ਖਾਤਰ ਭਲਕੇ ਤੋਂ ਹੀ ਪਿੰਡ ਪਿੰਡ ਕਾਫਲੇ ਬੰਨ੍ਹ ਕੇ ਦਿੱਲੀ ਵੱਲ ਵਹੀਰਾਂ ਘੱਤਣ ਵਾਲੀਆਂ ਔਰਤਾਂ ਦੀਆਂ ਲਿਸਟਾਂ ਬਣਾਉਣ ਅਤੇ ਇਨਾਂ ਲਿਸਟਾਂ ਮੁਤਾਬਕ ਚੰਗੀ ਹਾਲਤ ਦੀਆਂ ਬੱਸਾਂ ਗੱਡੀਆਂ ਦੇ ਪ੍ਰਬੰਧ 4 ਮਾਰਚ ਤੱਕ ਮੁਕੰਮਲ ਕਰਨ ਦਾ ਜ਼ੋਰਦਾਰ ਸੱਦਾ ਦਿੱਤਾ। 5 ਅਤੇ 6 ਮਾਰਚ ਨੂੰ ਟ੍ਰੈਕਟਰ ਮਾਰਚ ਕੀਤੇ ਜਾਣਗੇ। 7 ਮਾਰਚ ਨੂੰ ਔਰਤਾਂ ਦੇ ਵਿਸ਼ਾਲ ਕਾਫਲੇ ਦਿੱਲੀ ਵੱਲ ਕੂਚ ਕਰਨਗੇ।