ਬਰਨਾਲਾ: ਰੇਲਵੇ ਸਟੇਸ਼ਨ ‘ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਲਗਾਤਾਰ ਪਿਛਲੇ 5 ਮਹੀਨਿਆਂ ਤੋਂ ਲੱਗੇ ਹੋਏ ਧਰਨੇ ਵਿੱਚ ਪਿੱਛਲੇ ਹਫਤੇ ਪੰਜਾਬ ਦੇ 2 ਸਿਰਕੱਢ ਬੁੱਧੀਜੀਵੀਆਂ ਨੇ ਆਪਣੀ ਹਾਜ਼ਰੀ ਭਰੀ ਅਤੇ ਧਰਨਾਕਾਰੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਦੀਆਂ ਬੌਧਿਕ-ਭਰਪੂਰ ਤਕਰੀਰਾਂ ਨੇ ਅੰਦੋਲਨਕਾਰੀਆਂ ਦੀ ਚੇਤਨਾ ਨੂੰ ਇਕ ਨਵੇਂ ਉਚੇਰੇ ਪੱਧਰ ‘ਤੇ ਪਹੁੰਚਾਉਣ ਦੇ ਨਾਲ-ਨਾਲ ਧਰਨੇ ਵਿੱਚ ਇੱਕ ਨਿਵੇਕਲੀ ਕਿਸਮ ਦੀ ਬੌਧਿਕ ਊਰਜਾ ਦਾ ਸੰਚਾਰ ਕੀਤਾ। ਇਸ ਦੌਰਾਨ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਨ ਸਿੰਘ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਸਥਾਪਤ ਸ਼ਹੀਦ ਕਰਤਾਰ ਸਿੰਘ ਸਰਾਭਾ ਚੇਅਰ ਦੇ ਮੁਖੀ ਡਾਕਟਰ ਭੀਮਇੰਦਰ ਨੇ ਭਗਤ ਰਵੀਦਾਸ ਦੀਆਂ ਸਿਖਿਆਵਾਂ ‘ਤੇ ਚਾਣਨਾ ਪਾਇਆ।
ਇਹ ਵੀ ਪੜੋ: ਜੇਕਰ ਖੇਤੀ ਕਾਨੂੰਨ ਰੱਦ ਹੁੰਦੇ ਹਨ ਤਾਂ ਡਿੱਗ ਸਕਦੀ ਹੈ ਕੇਂਦਰ ਸਰਕਾਰ: ਰੁਲਦੂ ਸਿੰਘ
ਡਾਕਟਰ ਸਾਹਿਬ ਨੇ ਬਹੁਤ ਸੌਖੇ ਤੇ ਪ੍ਰਭਾਵਸ਼ਾਲੀ ਸ਼ਬਦਾਂ ਵਿਚ ਭਗਤ ਰਵੀਦਾਸ ਦੇ ਸਮਾਜਿਕ ਬਾਰਬਰੀ ਤੇ ਨਿਆਂ ਲਈ ਸੰਘਰਸ਼ ਅਤੇ ਜਾਤੀਪ੍ਰਥਾ ਦੇ ਵਿਰੋਧ ਵਿੱਚ ਚਲਾਈ ਲਹਿਰ ਦੀ ਵਿਆਖਿਆ ਕਰਦਿਆਂ ਦੱਸਿਆ ਕਿ ਮੌਜੂਦਾ ਕਿਸਾਨੀ ਘੋਲ ਲਈ ਉਨ੍ਹਾਂ ਦੀਆਂ ਸਿੱਖਿਆਵਾਂ ਬਹੁਤ ਸਾਰਥਿਕ ਤੇ ਪ੍ਰੇਰਨਾਮਈ ਹਨ। ਜਿਸ ਬੇਗਮਪੁਰੇ ਸ਼ਹਿਰ ਦੀ ਗੱਲ ਭਗਤ ਰਵੀਦਾਸ ਜੀ ਕਰਦੇ ਹਨ। ਅੱਜ ਦਿਲੀ ਦੀਆਂ ਬਰੂਹਾਂ ‘ਤੇ ਬੈਠੇ ਕਿਸਾਨ ਉਸੇ ਬੇਗਮਪੁਰੇ ਵਾਲੇ ਸਮਾਜਿਕ ਨਿਆਂ ਤੇ ਬਰਾਬਰੀ ਲਈ ਸੰਘਰਸ਼ ਕਰ ਰਹੇ ਹਨ। ਭਗਤ ਰਵੀਦਾਸ ਅਤੇ ਸਾਡੇ ਸਿਖ ਗੁਰੂਆਂ ਨੇ ਜਾਤੀਪ੍ਰਥਾ ਨੂੰ ਮਨੁੱਖਤਾ ਲਈ ਸਰਾਪ ਦੱਸਿਆ ਅਤੇ ਆਪਣੀ ਬਾਣੀ ਵਿਚ ਇਸ ਨੂੰ ਖਤਮ ਕਰਨ ਦੀ ਸਿਖਿਆ ਦਿਤੀ। ਪਰ ਅਫਸੋਸ ਦੀ ਗੱਲ ਹੈ ਕਿ ਅਜੇ ਵੀ ਸਾਡੇ ਪਿੰਡਾਂ ਵੱਖ-ਵੱਖ ਜਾਤਾਂ ਲਈ ਸਿਵੇ ਤੱਕ ਵੀ ਵੱਖ-ਵੱਖ ਹਨ।
ਇਹ ਵੀ ਪੜੋ: ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ 'ਚ ਦਾਖ਼ਲੇ ਲਈ ਜਾਗਰੂਕਤਾ ਮੁਹਿੰਮ
ਜਾਤਾਂ ਦੀਆਂ ਇਹ ਵੰਡੀਆਂ ਹਾਕਮਾਂ ਨੂੰ ਬਹੁਤ ਫਿੱਟ ਬੈਠਦੀਆਂ ਹਨ ਅਤੇ ਉਹ ਲੋਕ ਏਕਤਾ ਦੀ ਤਾਕਤ ਨੂੰ ਖੇਰੂੰ-ਖੇਰੂੰ ਕਰਨ ਲਈ ਇਨ੍ਹਾਂ ਵੰਡੀਆਂ ਨੂੰ ਹੋਰ ਗੂੜ੍ਹਾ ਕਰਦੇ ਹਨ। ਜੇਕਰ ਅਸੀਂ ਆਪਣੇ ਮੌਜੂਦਾ ਅੰਦੋਲਨ ਨੂੰ ਸਫਲਤਾ ਤੱਕ ਲਿਜਾਣਾ ਚਾਹੁੰਦੇ ਹਾਂ ਤਾਂ ਸਾਨੂੰ ਭਗਤ ਰਵੀਦਾਸ ਦੀਆਂ ਸਿਖਿਆਵਾਂ ਨੂੰ ਆਪਣੇ ਅਮਲੀ ਜੀਵਨ ਵਿਚ ਗ੍ਰਹਿਣ ਕਰਨਾ ਕਰਨਾ ਪਊ। ਸਰਕਾਰ ਨਿੱਤ ਨਵੀਆਂ ਚਾਲਾਂ ਚੱਲ ਰਹੀ ਹੈ ਤਾਂ ਜੋ ਲੋਕ-ਏਕੇ ਨੂੰ ਤੋੜਿਆ ਜਾ ਸਕੇ ਪਰ ਸਾਡੇ ਕੋਲ ਸਾਡੇ ਗੁਰੂਆਂ ਦਾ ਅਮੀਰ ਵਿਰਸਾ ਹੈ ਜਿਨ੍ਹਾਂ ਨੇ ਸਮਾਜਿਕ ਬਰਾਬਾਰੀ, ਭਾਈਚਾਰਕ ਸਾਂਝ ਤੇ ਅਨਿਆਂ ਵਿਰੁੱਧ ਹਿੱਕ ਡਾਹ ਕੇ ਖੜ੍ਹਨ ਦੀਆਂ ਸਿਖਿਆਵਾਂ ਦਿਤੀਆਂ ਹਨ। ਸਮਾਜਿਕ ਵੱਖਰੇਵਿਆਂ ਨੂੰ ਦੂਰ ਕਰਕੇ ਹੀ ਹਕੀਕੀ ਲੋਕ-ਏਕਤਾ ਦੀ ਉਸਾਰੀ ਕੀਤੀ ਜਾ ਸਕਦੀ ਹੈ ਅਤੇ ਲੋਕ-ਏਕਤਾ ਤੋਂ ਬਗ਼ੈਰ ਕੋਈ ਵੀ ਅੰਦੋਲਨ ਨਹੀਂ ਜਿੱਤਿਆ ਜਾ ਸਕਦਾ।
ਸੰਯੁਕਤ ਕਿਸਾਨ ਮੋਰਚੇ ਦੀ ਧਰਨਾ ਸੰਚਾਲਨ ਕਮੇਟੀ ਨੇ ਸ਼ਾਲ ਭੇਂਟ ਕਰਕੇ ਡਾਕਟਰ ਭੀਮਇੰਦਰ ਦਾ ਸਨਮਾਨ ਕੀਤਾ ਅਤੇ ਕਿਸਾਨਾਂ ਨੂੰ ਸੰਬੋਧਨ ਕਰਨ ਲਈ ਬਰਨਾਲਾ ਆਉਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ।