ਬਰਨਾਲਾ: ਅੰਤਿਮ ਸਸਕਾਰ ਤੋਂ ਵਾਪਸ ਆਪਣੇ ਘਰ ਪਰਤ ਰਿਹਾ ਮਲੋਟ ਦਾ ਰਹਿਣ ਵਾਲਾ ਇਕ ਪਰਿਵਾਰ ਬਰਨਾਲਾ ਦੇ ਤਪਾ ਮੰਡੀ ਵਿਖੇ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਜਿਸ ਕਾਰਨ ਪਰਿਵਾਰ ਦੇ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ ਚਾਰ ਔਰਤਾਂ ਤੇ ਇੱਕ ਬੱਚਾ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖ਼ਮੀਆਂ ਨੂੰ ਇਲਾਜ ਲਈ ਤਪਾ ਦੇ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਦੇਰ ਸ਼ਾਮ ਹਾਦਸੇ ਦਾ ਸ਼ਿਕਾਰ ਹੋਏ ਪਰਿਵਾਰ ਦੀ ਗੱਡੀ ਬਰਨਾਲਾ ਤੋਂ ਮਲੋਟ ਵੱਲ ਜਾ ਰਹੀ ਸੀ। ਬਠਿੰਡਾ ਨੈਸ਼ਨਲ ਹਾਈਵੇ ਉੱਤੇ ਤਪਾ ਵਿੱਚ ਬਣੇ ਪੁੱਲ ਦੇ ਉਪਰ ਕਾਰ ਨੇ ਆਪਣਾ ਸੰਤੁਲਨ ਗਵਾ ਦਿੱਤਾ, ਜਿਸਦੇ ਨਾਲ ਕਾਰ ਡਿਵਾਇਡਰ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ।
ਜਾਣਕਾਰੀ ਅਨੁਸਾਰ ਸ਼ਿੰਦੋ ਪਤਨੀ ਵੀਰਨ ਸਿੰਘ ਵਾਸੀ ਝੋਰੜਾਂ (ਮਲੋਟ) ਆਪਣੇ ਪਤੀ, ਜੁਆਈ ਜੱਗੀ ਸਿੰਘ, 2 ਭੈਣਾਂ ਮਨਜੀਤ ਕੌਰ ਅਤੇ ਸੀਮਾ ਰਾਣੀ, ਭੈਣ ਲੱਖੀ ਤੇ ਪੋਤਰੇ ਰਾਹੁਲ ਦੇ ਨਾਲ ਬਰਨਾਲਾ ਵਿੱਚ ਆਪਣੇ ਭਰਾ ਦੇ ਅੰਤਿਮ ਸਸਕਾਰ ਕਰਕੇ ਪਿੰਡ ਪਰਤ ਰਹੇ ਸਨ। ਚਾਲਕ ਜੱਗੀ ਸਿੰਘ ਨੂੰ ਨੀਦ ਆ ਗਈ, ਜਿਸ ਕਰਕੇ ਗੱਡੀ ਡਿਵਾਇਡਰ ਨਾਲ ਟਕਰਾ ਗਈ।
ਜ਼ਖ਼ਮੀਆਂ ਨੂੰ ਐਂਬੂਲੈਂਸਾਂ ਦੁਆਰਾ ਸਿਵਲ ਹਸਪਤਾਲ ਤਪਾ ਪਹੁੰਚਾਇਆ ਗਿਆ। ਪਰ ਗੰਭੀਰ ਰੂਪ 'ਚ ਜ਼ਖ਼ਮੀ ਜੱਗੀ ਸਿੰਘ ਅਤੇ ਵੀਰਨ ਸਿੰਘ ਨੇ ਦਮ ਤੋੜ ਦਿੱਤਾ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।