ਬਰਨਾਲਾ: ਜ਼ਿਲ੍ਹੇ ਵਿੱਚ ਦੇਰ ਰਾਤ ਸ਼ਹਿਰ ਦੇ ਬਿਲਕੁਲ ਵਿਚਕਾਰ ਹੰਡਿਆਇਆ ਬਾਜ਼ਾਰ 'ਚੋਂ 2 ਗੱਡੀਆਂ ਚੋਰੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।
ਪਿਛਲੇ 15 ਦਿਨਾਂ ਦੌਰਾਨ ਸ਼ਹਿਰ ਵਿੱਚੋਂ 4 ਮੋਟਰਸਾਈਕਲ ਅਤੇ 2 ਕਾਰਾਂ ਚੋਰੀ ਹੋ ਚੁੱਕੀਆਂ ਹਨ, ਜੋ ਪੁਲਿਸ ਦੀ ਕਾਰਗੁਜ਼ਾਰੀ ’ਤੇ ਸਵਾਲੀਆ ਨਿਸ਼ਾਨ ਖੜ੍ਹਾ ਕਰ ਰਹੀਆਂ ਹਨ, ਕਿਉਂਕਿ ਕੋਰੋਨਾ ਵਾਇਰਸ ਕਰਕੇ ਸ਼ਾਮ 7 ਵਜੇ ਤੋਂ ਬਾਅਦ ਕਰਫ਼ਿਊ ਸ਼ੁਰੂ ਹੋ ਜਾਂਦਾ ਹੈ। ਕਾਰ ਚੋਰੀ ਹੋਣ ਵਾਲੀ ਘਟਨਾ ਦੀ ਸੀਸੀਟੀਵੀ ਫ਼ੁਟੇਜ਼ ਵੀ ਪੁਲਿਸ ਨੂੰ ਮਿਲ ਚੁੱਕੀ ਹੈ, ਪਰ ਅਜੇ ਤੱਕ ਕਿਸੇ ਵੀ ਚੋਰ ਨੂੰ ਫ਼ੜਨ ਵਿੱਚ ਪੁਲਿਸ ਨਾਕਾਮ ਰਹੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਵਿਰਾਟ ਗਰਗ ਅਤੇ ਗਗਨਦੀਪ ਗਰਗ ਨੇ ਦੱਸਿਆ ਕਿ ਉਨ੍ਹਾਂ ਨੇ ਹਰ ਦਿਨ ਦੀ ਤਰ੍ਹਾਂ ਆਪਣੀਆਂ ਸਕਾਰਪੀਓ ਗੱਡੀਆਂ ਆਪਣੇ ਘਰਾਂ ਦੇ ਥੱਲ੍ਹੇ ਖੜੀਆਂ ਕੀਤੀਆਂ ਸਨ। ਸਵੇਰ ਸਮੇਂ ਜਦੋਂ ਉਠ ਕੇ ਦੇਖਿਆ ਤਾਂ ਗੱਡੀਆਂ ਗਾਇਬ ਸਨ। ਇਸ ਦੀ ਤੁਰੰਤ ਸੂਚਨਾ ਪੁਲਿਸ ਨੂੰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਆਪਣੇ ਘਰਾਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਦੇਖਿਆ ਤਾਂ ਸਵੇਰੇ 3 ਵਜੇ ਦੇ ਕਰੀਬ ਇੱਕ ਸਵਿੱਫ਼ਟ ਕਾਰ ਵਿੱਚ 2 ਵਿਅਕਤੀ ਆਏ ਅਤੇ ਉਨ੍ਹਾਂ ਦੀਆਂ ਕਾਰਾਂ ਚੋਰੀ ਕਰਕੇ ਲੈ ਗਏ।
ਉਨ੍ਹਾਂ ਪੁਲਿਸ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਸ਼ਹਿਰ ਵਿੱਚ ਕਰਫ਼ਿਊ ਦੇ ਦੌਰਾਨ ਚੋਰੀ ਹੋਈ ਜੋ ਕਿ ਪੁਲਿਸ ਦੀ ਨਲਾਇਕੀ ਨੂੰ ਸਿੱਧ ਕਰਦਾ ਹੈ। ਆਮ ਜਨਤਾ ਕਰਫਿਊ ਦੌਰਾਨ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲ ਸਕਦੀ, ਪਰ ਚੋਰਾਂ ਨੂੰ ਕਰਫ਼ਿਊ ਵਿੱਚ ਚੋਰੀ ਕਰਨ ਦੀ ਖੁੱਲ ਹੈ। ਉਨ੍ਹਾਂ ਪੁਲਿਸ ਨੂੰ ਚੋਰਾਂ ਤੋਂ ਜਲਦ ਕਾਬੂ ਕਰਕੇ ਉਨ੍ਹਾਂ ਦੀਆਂ ਕਾਰਾਂ ਬਰਾਮਦ ਕਰਨ ਦੀ ਮੰਗ ਕੀਤੀ ਹੈ।
ਉਧਰ ਇਸ ਮਾਮਲੇ ਸਬੰਧੀ ਥਾਣਾ ਸਿਟੀ ਦੇ ਐਸਐਚਓ ਕਮਲਜੀਤ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਹੰਡਿਆਇਆ ਬਾਜ਼ਾਰ ਵਿੱਚੋਂ 2 ਸਕਾਰਪੀਓ ਗੱਡੀਆਂ ਚੋਰੀ ਹੋਈਆਂ ਹਨ। ਸੀਸੀਟੀਵੀ ਕੈਮਰੇ ਵਿੱਚ ਚੋਰੀ ਦੀ ਘਟਨਾ ਰਿਕਾਰਡ ਹੋਈ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਸਾਰੇ ਸੀਸੀਟੀਵੀ ਕੈਮਰੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ। ਉਨ੍ਹਾਂ ਕਰਫ਼ਿਊ ਦੌਰਾਨ ਹੋਈ ਚੋਰੀ ਦੇ ਮਾਮਲੇ ’ਤੇ ਕਿਹਾ ਕਿ ਰਾਤ ਦੇ ਸਮੇਂ ਜਿਹੜੇ ਪੁਲਿਸ ਮੁਲਾਜ਼ਮ ਡਿਊਟੀ ਕਰਦੇ ਹਨ, ਉੁਨ੍ਹਾਂ ਦੀ ਪੜਤਾਲ ਕੀਤੀ ਜਾਵੇਗੀ ਅਤੇ ਦੋਸ਼ੀ ਪੁਲਿਸ ਕਰਮਚਾਰੀਆਂ ’ਤੇ ਕਾਰਵਾਈ ਕੀਤੀ ਜਾਵੇਗੀ।