ਬਰਨਾਲਾ: ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਸੰਘਰਸ਼ ਜਾਰੀ ਹੈ। ਇਸ ਸੰਘਰਸ਼ ਦਰਮਿਆਨ ਭਾਵੇਂ ਪੰਜਾਬ ਵਿੱਚ ਦੋ ਧਿਰਾਂ ਕਰਕੇ ਸੰਘਰਸ਼ ਨੂੰ ਵੱਡੀ ਢਾਹ ਲੱਗਦੀ ਦਿਖਾਈ ਦੇ ਰਹੀ ਸੀ। ਪਰ ਪੰਥਕ ਅਤੇ ਕਿਸਾਨ ਜਥੇਬੰਦੀਆਂ ਦਰਮਿਆਨ ਪਏ ਇਸ ਪਾੜੇ ਨੂੰ ਖ਼ਤਮ ਕਰਨ ਲਈ ਕਿਸਾਨੀ ਸੰਘਰਸ਼ ਦੇ ਸ਼ਹੀਦ ਨਵਰੀਤ ਸਿੰਘ ਦੇ ਦਾਦਾ ਬਾਪੂ ਹਰਦੀਪ ਸਿੰਘ ਡਿਬਡਿਬਾ ਵੱਲੋਂ ਵੱਡਾ ਉਦਮ ਕੀਤਾ ਜਾ ਰਿਹਾ ਹੈ। ਹਰਦੀਪ ਸਿੰਘ ਡਿਬਡਿਬਾ ਵੱਲੋਂ ਪੰਜਾਬ ਦੀ ਨੌਜਵਾਨੀ ਨੂੰ ਲੈ ਕੇ ਇੱਕ ਵੱਡਾ ਮਾਰਚ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਕਰਨ ਦਾ ਪ੍ਰੋਗਰਾਮ ਬਣਾਇਆ ਗਿਆ ਹੈ।
ਇਹ ਵੀ ਪੜੋ: ਸਰਕਾਰੀ ਤੇ ਨਿੱਜੀ ਹਸਪਤਾਲਾਂ 'ਚ 31 ਮਾਰਚ ਤੱਕ ਰੋਜ਼ ਹੋਵੇਗਾ ਟੀਕਾਕਰਨ: ਕੈਪਟਨ
25 ਮਾਰਚ ਨੂੰ ਮੋਗਾ ਸ਼ਹਿਰ ਤੋਂ ਇੱਕ ਵਹੀਕਲ ਮਾਰਚ ਹਰਦੀਪ ਸਿੰਘ ਡਿਬਡਿਬਾ ਦੀ ਅਗਵਾਈ ਵਿੱਚ ਕਿਸਾਨ ਅਤੇ ਪੰਥਕ ਧਿਰਾਂ ਨੂੰ ਇਕਜੁੱਟ ਕਰਕੇ ਨੌਜਵਾਨਾਂ ਨੂੰ ਨਾਲ ਲੈ ਕੇ ਦਿੱਲੀ ਨੂੰ ਰਵਾਨਾ ਹੋਵੇਗਾ। ਇਸ ਮਾਰਚ ਸਬੰਧੀ ਇੱਕ ਵਿਸ਼ੇਸ ਮੀਟਿੰਗ ਬਰਨਾਲਾ ਦੇ ਗੁਰਦੁਆਰਾ ਸਿੰਘ ਸਭਾ ਵਿਖੇ ਹੋਈ। ਮੀਟਿੰਗ ਵਿੱਚ ਸ਼ਾਮਲ ਹੋਏ ਜਥੇਬੰਦੀਆਂ ਦੇ ਆਗੂਆਂ ਨੂੰ ਹਰਦੀਪ ਸਿੰਘ ਡਿਬਡਿਬਾ ਵੱਲੋਂ ਇਸ ਮਾਰਚ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ।
ਇਸ ਮੌਕੇ ਸਿੱਖ ਕੌਮ ਦੇ ਪ੍ਰਚਾਰਕ ਭਾਈ ਹਰਜਿੰਦਰ ਸਿੰਘ ਮਾਝੀ ਨੇ ਕਿਹਾ ਕਿ ਹਰਦੀਪ ਸਿੰਘ ਡਿਬਡਿਬਾ ਇੱਕ ਬਹੁਤ ਵੱਡੀ ਸ਼ਖਸੀਅਤ ਹਨ। ਕਿਉਂਕਿ ਉਨ੍ਹਾਂ ਨੇ ਇਸ ਕਿਸਾਨ ਅੰਦੋਲਨ ਦੌਰਾਨ ਆਪਣੇ ਪੋਤਰੇ ਨਵਰੀਤ ਸਿੰਘ ਦੀ ਸ਼ਹਾਦਤ ਦਿੱਤੀ ਹੈ। ਹੁਣ ਹਰਦੀਪ ਸਿੰਘ ਡਿਬਡਿਬ ਵੱਲੋਂ 25 ਮਾਰਚ ਨੂੰ ਵਹੀਕਲ ਮਾਰਚ ਮੋਗਾ ਸ਼ਹਿਰ ਤੋਂ ਦਿੱਲੀ ਤੱਕ ਕਰਨ ਦਾ ਪ੍ਰੋਗਰਾਮ ਬਣਾਇਆ ਹੈ। ਜਿਸ ਨੂੰ ਸਫ਼ਲ ਬਣਾਉਣ ਲਈ ਸਾਰੀਆਂ ਧਿਰਾਂ ਨੂੰ ਇਸ ਮਾਰਚ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਰਦੀਪ ਸਿੰਘ ਵੱਲੋਂ ਮਾਰਚ ਲਈ ਦਿੱਤੇ ਸੱਦੇ ਵਿੱਚ ਹਰ ਧਿਰ ਨੂੰ ਆਪੋ ਆਪਣੇ ਗਿਲੇ ਸਿਕਵੇ ਮਿਟਾ ਕੇ ਸ਼ਾਮਲ ਹੋਣਾ ਚਾਹੀਦਾ ਹੈ।
ਇਹ ਵੀ ਪੜੋ: ਕੈਪਟਨ ਦੀ ਜਨਰਲ ਬਾਜਵਾ ਨੂੰ ਨਸੀਹਤ, ਵਾਅਦਿਆਂ ਵਾਲੀ ਲਫ਼ਾਜ਼ੀ ਛੱਡੋ, ਅਮਲ ਕਰੋ