ਬਰਨਾਲਾ: ਯੁਵਕ ਸੇਵਾਵਾਂ ਵਿਭਾਗ ਦੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਉਦਮ ਸਦਕਾ ਚਾਰ ਸਾਲਾਂ ਬਾਅਦ ਵਿਭਾਗ ਨਾਲ ਜੁੜੇ ਨੌਜਵਾਨਾਂ ਦੇ ਬੰਦ ਹੋਏ ਅੰਤਰਰਾਜੀ ਦੌਰਿਆਂ ਨੂੰ ਮੁੜ ਚਾਲੂ ਕੀਤਾ ਗਿਆ ਹੈ ਤਾਂ ਜੋ ਨੌਜਵਾਨਾਂ ਦੀ ਸ਼ਖਸੀਅਤ ਉਸਾਰੀ ਹੋ ਸਕੇ।
ਇਹ ਵੀ ਪੜੋ: ਪਾਕਿਸਤਾਨ 'ਚ ਸਿੱਖਾਂ ਨੂੰ ਵੱਖਰੀ ਕੌਮ ਵਜੋਂ ਮਾਨਤਾ, ਸੁਪਰੀਮ ਕੋਰਟ ਦਾ ਹੁਕਮ- ਜਨਗਣਨਾ ਫਾਰਮ 'ਚ ਹੋਵੇ ਵੱਖਰਾ ਕਾਲਮ
ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਬਰਨਾਲਾ ਰਘਬੀਰ ਸਿੰਘ ਮਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਯੁਵਕ ਸੇਵਾਵਾਂ ਵਿਭਾਗ ਦੇ ਮੰਤਰੀ ਦੇ ਨਿਰਦੇਸ਼ਾਂ 'ਤੇ ਪ੍ਰਮੁੱਖ ਸਕੱਤਰ ਯੁਵਕ ਸੇਵਾਵਾਂ ਵਿਭਾਗ ਰਾਜ ਕਮਲ ਚੌਧਰੀ ਤੇ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਰਾਜੇਸ਼ ਧੀਮਾਨ ਦੀ ਸਰਪ੍ਰਸਤੀ ਹੇਠ ਡਿਪਟੀ ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ ਡਾ. ਕਮਲਜੀਤ ਸਿੰਘ ਸਿੱਧੂ ਵੱਲੋਂ ਅੰਤਰਰਾਜੀ ਦੌਰਿਆਂ ਲਈ ਰੂਪ-ਰੇਖਾ ਉਲੀਕੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਸ ਤਹਿਤ ਵੱਖ-ਵੱਖ ਜ਼ਿਲ੍ਹਿਆਂ ਦੇ ਨੌਜਵਾਨਾਂ ਨੂੰ ਵੱਖ-ਵੱਖ ਰਾਜਾਂ ਦੇ ਸੱਭਿਆਚਾਰ, ਰਹਿਣ-ਸਹਿਣ, ਜੀਵਨਸ਼ੈਲੀ ਬਾਰੇ ਗਿਆਨ ਹਾਸਲ ਕਰਨ ਲਈ ਅੰਤਰਰਾਜੀ ਦੌਰਿਆਂ 'ਤੇ ਭੇਜਿਆ ਜਾ ਰਿਹਾ ਹੈ। ਇਸੇ ਕੜੀ ਤਹਿਤ ਫਰੀਦਕੋਟ, ਬਰਨਾਲਾ ਤੇ ਮਾਨਸਾ ਦੇ 38 ਵਲੰਟੀਅਰਾਂ ਦਾ ਦਸ ਰੋਜ਼ਾ ਟੂਰ ਪੰਜਾਬ ਤੋਂ ਤਿਰੁਵਨੰਤਪੁਰਮ (ਕੇਰਲਾ) ਅਤੇ ਕੰਨਿਆਕੁਮਾਰੀ ਦਾ ਲਗਾਇਆ ਗਿਆ।
ਟੂਰ ਇੰਚਾਰਜ ਵੀਰਪਾਲ ਕੌਰ ਸੇਖੋਂ (ਪ੍ਰੋਗਰਾਮ ਅਫਸਰ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ, ਫਰੀਦਕੋਟ) ਨੇ ਦੱਸਿਆ ਕਿ ਇਸ ਟੂਰ ਦੌਰਾਨ ਵਲੰਟੀਅਰਾਂ ਨੇ ਵੱਖ ਵੱਖ ਮੰਦਿਰਾਂ ਦੇ ਦਰਸ਼ਨ ਕੀਤੇ ਅਤੇ ਇਤਿਹਾਸ ਜਾਣਿਆ। ਤਿਰੁਵਨੰਤਪੁਰਮ ਚਿੜੀਆਘਰ, ਜੋ ਕਿ ਕਰੀਬ 55 ਏਕੜ ਵਿੱਚ ਬਣਿਆ ਹੋਇਆ ਹੈ, ਵਿੱਚ ਅਲੋਪ ਹੋ ਚੁੱਕੀਆਂ ਪ੍ਰਜਾਤੀਆਂ ਦੇ ਜਾਨਵਰਾਂ ਅਤੇ ਪੰਛੀਆਂ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਤੋਂ ਇਲਾਵਾ ਕੰਨਿਆਕੁਮਾਰੀ ਵਿਖੇ ਦੇਵੀ ਮੰਦਰ, ਭਾਰਤ ਮੱਠ ਮੰਦਰ, ਤ੍ਰਿਵੈਣੀ ਸੰਗਮ, ਮਿਊਜ਼ੀਅਮ ਤੇ ਪੁਰਾਤਨ ਵਸਤਾਂ ਦਾ ਕਿਲ੍ਹਾ ਆਦਿ ਦੇਖਿਆ ਅਤੇ ਉਥੋਂ ਦੀਆਂ ਰਵਾਇਤਾਂ ਤੇ ਸੱਭਿਆਚਾਰ ਬਾਰੇ ਜਾਣਕਾਰੀ ਹਾਸਲ ਕੀਤੀ।
ਇਹ ਵੀ ਪੜੋ: ਔਰਤ ਨੇ ਸ਼ੌਂਕ ਨੂੰ ਬਣਾਇਆ ਕਾਰੋਬਾਰ, ਕੁੱਤਿਆਂ ਨੂੰ ਦੇ ਰਹੀ ਖਾਸ ਸਿਖਲਾਈ