ਬਰਨਾਲਾ: ਪੰਜਾਬ ਵਿੱਚ ਮੌਜੂਦਾ ਸਮੇਂ ਵਿੱਚ ਕਿਸਾਨੀ ਕਰਜ਼ੇ ਹੇਠ ਹੈ ਅਤੇ ਖੇਤੀ ਨੂੰ ਹੀ ਪੌਣ ਪਾਣੀ ਦੇ ਖ਼ਰਾਬ ਹੋਣ ਲਈ ਜਿੰਮੇਵਾਰ ਠਹਿਰਾਇਆ ਜਾਂਦਾ ਹੈ। ਇਸ ਕਰਕੇ ਰਵਾਇਤੀ ਨਾਲੋਂ ਬਦਲਵੀਂਆਂ ਫ਼ਸਲਾਂ ਦੀ ਖੇਤੀ ਕਰਨ ਲਈ ਜ਼ੋਰ ਦਿੱਤਾ ਜਾਂਦਾ ਹੈ। ਭਾਵੇਂ ਬਹੁਤੇ ਕਿਸਾਨ ਬਦਲਵੀਂ ਖੇਤੀ ਕਰਨ ਤੋਂ ਪਾਸਾ ਵੱਟ ਰਹੇ ਹਨ, ਪਰ ਬਰਨਾਲਾ ਜ਼ਿਲ੍ਹੇ ਦੇ ਪਿੰਡ ਮੌੜਾਂ ਦਾ ਕਿਸਾਨ ਰਵਾਇਤੀ ਖੇਤੀ ਕਣਕ ਝੋਨੇ ਤੋਂ ਹਟ ਕੇ ਬਦਲਵੀਂ ਖੇਤੀ ਰਾਹੀਂ ਚੰਗੀ ਕਮਾਈ ਕਰ ਰਿਹਾ ਹੈ।

ਸਬਜ਼ੀਆਂ ਦੀ ਖੇਤੀ ਕਰਕੇ ਕਮਾ ਰਿਹੈ ਲੱਖਾਂ: ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਲਖਵੀਰ ਸਿੰਘ ਗੋਗਾ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਪਹਿਲਾਂ ਰਵਾਇਤੀ ਕਣਕ ਝੋਨੇ ਦੀ ਖੇਤੀ ਕਰਦਾ ਸੀ। ਪਰ, ਬਾਅਦ ਵਿੱਚ ਉਸ ਨੇ ਰਵਾਇਤੀ ਖੇਤੀ ਤੋਂ ਹਟ ਕੇ ਸਬਜ਼ੀਆਂ ਦੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਸੀ। ਸ਼ੁਰੂਆਤ ਵਿੱਚ ਸਿਰਫ਼ ਸਬਜ਼ੀਆਂ ਦੀ ਖੇਤੀ ਉਪਰ ਜ਼ੋਰ ਦਿੱਤਾ, ਜਦਕਿ ਹੁਣ ਉਹ ਸਬਜ਼ੀਆਂ ਦੀ ਪਨੀਰੀ ਵੀ ਸਬਜ਼ੀਆਂ ਦੀ ਖੇਤੀ ਦੇ ਨਾਲ ਕਰਨ ਲੱਗੇ ਹਨ। ਉਨ੍ਹਾਂ ਕਿਹਾ ਕਿ ਸਬਜ਼ੀਆਂ ਦੇ ਮੁਕਾਬਲੇ ਪਨੀਰੀ ਵਿੱਚ ਜ਼ਿਆਦਾ ਕਮਾਈ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਉਨ੍ਹਾਂ ਨਾਲ ਕਰੀਬ ਇੱਕ ਏਕੜ ਵਿੱਚ ਪਿਆਜ਼ ਦੀ ਪਨੀਰੀ ਲਗਾਈ ਸੀ ਅਤੇ ਕਰੀਬ ਤਿੰਨ ਲੱਖ ਦੇ ਕਰੀਬ ਉਸ ਨੂੰ ਇੱਕ ਏਕੜ ਵਿੱਚੋਂ ਕਮਾਈ ਹੋਈ ਸੀ।
ਬਦਲਵੀਂ ਖੇਤੀ 'ਚ ਮਿਹਨਤ ਵੱਧ, ਪਰ ਕਮਾਈ ਵੀ ਦੁੱਗਣੀ: ਕਿਸਾਨ ਲਖਵੀਰ ਸਿੰਘ ਨੇ ਦੱਸਿਆ ਕਿ ਇਸ ਵਾਰ ਉਨ੍ਹਾਂ ਵਲੋਂ ਡੇਢ ਏਕੜ ਵਿੱਚ ਕਰੀਬ ਪਿਆਜ਼ ਦੀ ਪਨੀਰੀ ਅਤੇ ਡੇਢ ਏਕੜ ਵਿੱਚ ਹਰੀ ਮਿਰਚ, ਸ਼ਿਮਲਾ ਮਿਰਚ ਤੇ ਗੋਭੀ ਆਦਿ ਦੀ ਪਨੀਰੀ ਲਗਾਈ ਗਈ ਹੈ। ਇਸ ਉਪਰ ਉਹ 3 ਲੱਖ ਦੇ ਕਰੀਬ ਨਿਵੇਸ਼ ਕਰ ਚੁੱਕੇ ਹਨ ਅਤੇ ਉਨ੍ਹਾਂ ਨੂੰ 6 ਤੋਂ 9 ਲੱਖ ਰੁਪਏ ਕਮਾਈ ਹੋਣ ਦੀ ਆਸ ਹੈ। ਉਨ੍ਹਾਂ ਦੱਸਿਆ ਕਿ ਸਬਜ਼ੀਆਂ ਦੀ ਖੇਤੀ ਵੀ ਉਹ ਕਈ ਤਰ੍ਹਾਂ ਦੀ ਕਰਦੇ ਹਨ। ਪਿਛਲੇ ਸਾਲ ਉਨ੍ਹਾਂ ਨੂੰ ਇਕੱਲੇ ਪੇਠੇ ਦੀ ਸਬਜ਼ੀ ਤੋਂ ਹੀ 3 ਲੱਖ ਰੁਪਏ ਕਮਾਈ ਹੋ ਗਈ ਸੀ। ਲਖਵੀਰ ਨੇ ਕਿਹਾ ਕਿ ਰਵਾਇਤੀ ਖੇਤੀ ਦੇ ਮੁਕਾਬਲੇ ਬਦਲਵੀਂ ਖੇਤੀ ਵਿੱਚ ਉਨ੍ਹਾਂ ਨੂੰ ਮਿਹਨਤ ਭਾਵੇਂ ਜ਼ਿਆਦਾ ਕਰਨੀ ਪੈਂਦੀ ਹੈ, ਪਰ ਕਮਾਈ ਵੀ ਦੁੱਗਣੀ ਹੈ।

ਘਰ 'ਚ ਤਿਆਰ ਕਰ ਰਹੇ ਗੁੜ: ਕਿਸਾਨ ਨੇ ਦੱਸਿਆ ਕਿ ਇਸ ਤੋਂ ਇਲਾਵਾ ਉਸ ਨੇ ਆਪਣੇ ਪਰਿਵਾਰ ਲਈ ਗੰਨਾ ਲਗਾਇਆ ਹੋਇਆ ਹੈ ਜਿਸ ਤੋਂ ਉਹ ਗੁੜ ਆਦਿ ਤਿਆਰ ਕਰਦੇ ਹਨ। ਜਦਕਿ, ਬਾਜ਼ਾਰ ਵਿੱਚ ਕੈਮੀਕਲ ਵਾਲਾ ਜ਼ਹਿਰੀਲਾ ਗੁੜ ਵਿਕ ਕਿਹਾ ਹੈ ਉਸ ਤੋਂ ਬਚਾਅ ਹੁੰਦਾ ਹੈ। ਇਸ ਦੇ ਨਾਲ ਹੀ ਪਰਿਵਾਰ ਲਈ ਖੇਤ ਵਿੱਚ ਸਰੋਂ, ਦਾਲਾਂ ਅਤੇ ਹੋਰ ਸਬਜ਼ੀਆਂ ਵੀ ਪਰਿਵਾਰ ਲਈ ਖੇਤ ਵਿੱਚ ਪੈਦਾ ਕੀਤੀਆਂ ਜਾ ਰਹੀਆਂ ਹਨ।
ਸਰਕਾਰਾਂ ਤੋਂ ਕਿਤੇ ਨਾ ਕਿਤੇ ਨਾਖੁਸ਼ ਕਿਸਾਨ: ਕਿਸਾਨ ਲਖਵੀਰ ਸਿੰਘ ਨੇ ਦੱਸਿਆ ਕਿ ਪਾਣੀ ਦੀ ਬੱਚਤ ਲਈ ਖੇਤ ਵਿੱਚ ਲਾਈ ਫ਼ੁਹਾਰਾ ਵਿਧੀ ਇਸ ਵਾਰ ਹੀ ਲਗਾਈ ਹੈ ਜਿਸ ਉਪਰ ਵੱਡੀ ਸਬਸਿਡੀ ਮਿਲੀ ਹੈ।ਉਨ੍ਹਾਂ ਦੱਸਿਆ ਕਿ ਉਸ ਦਾ ਸਿਰਫ਼ 50 ਹਜ਼ਾਰ ਦੇ ਕਰੀਬ ਹੀ ਖ਼ਰਚ ਆਇਆਹੈ। ਇਸ ਨਾਲ ਪਾਣੀ ਦੀ ਬੱਚਤ ਹੋ ਰਹੀ ਹੈ। ਕਿਸਾਨ ਲਖਵੀਰ ਸਿੰਘ ਨੇ ਕਿਹਾ ਕਿ ਸਰਕਾਰਾਂ ਵੱਡੇ ਪੱਧਰ ਉੱਤੇ ਬਦਲਵੀਂ ਖੇਤੀ ਕਰਨ ਲਈ ਕਿਸਾਨਾਂ ਨੂੰ ਉਤਸ਼ਾਹਿਤ ਕਰਦੀਆਂ ਹਨ।

ਉਨ੍ਹਾਂ ਕਿਹਾ ਕਿ ਜ਼ਮੀਨੀ ਪੱਧਰ 'ਤੇ ਸਰਕਾਰਾਂ ਵੱਲੋਂ ਕਿਸਾਨਾਂ ਨੂੰ ਕੋਈ ਸਹੂਲਤ ਨਹੀਂ ਦਿੱਤੀ ਜਾਂਦੀ। ਹੋਰ ਤਾਂ ਹੋਰ ਉਸ ਨੂੰ 8 ਸਾਲਾਂ ਵਿੱਚ ਸਬਜ਼ੀਆਂ ਆਦਿ ਦੇ ਬੀਜ਼ ਉਪਰ ਸਿਰਫ਼ 7 ਹਜ਼ਾਰ ਰੁਪਏ ਸਬਸਿਡੀ ਮਿਲੀ ਹੈ। ਦਵਾਈਆਂ ਵਗੈਰਾਂ ਦੇ ਭਾਅ ਬਹੁਤ ਜ਼ਿਆਦਾ ਹਨ। ਇਸ ਲਈ ਵੀ ਸਰਕਾਰ ਤੋਂ ਕੋਈ ਰਾਹਤ ਨਹੀਂ ਮਿਲਦੀ। ਬਦਲਵੀਂ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਸਰਕਾਰਾਂ ਨੂੰ ਇਸ ਲਈ ਖਾਸ ਨੀਤੀ ਬਨਾਉਣ ਦੀ ਲੋੜ ਹੈ।
ਇਹ ਵੀ ਪੜ੍ਹੋ: ਛਪਰਾ ਸ਼ਰਾਬ ਮਾਮਲਾ: ਮਰਨ ਵਾਲਿਆਂ ਦੀ ਗਿਣਤੀ 40 ਤੋਂ ਪਾਰ, ਡੀਐਮ ਨੇ 26 ਮੌਤਾਂ ਦੀ ਪੁਸ਼ਟੀ ਕੀਤੀ