ਬਰਨਾਲਾ: ਲੋਕਾਂ ਨੂੰ ਵੱਡੇ-ਵੱਡੇ ਝਾਂਸੇ ਦੇ ਸੱਤਾ ਉੱਤੇ ਕਾਬਜ਼ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬੇਰੁਜ਼ਗਾਰਾਂ ਦੇ ਜਖਮਾਂ ਨੂੰ ਉਚੇੜ ਕੇ ਉਦੋਂ ਲੂਣ ਛਿੜਕਿਆ, ਜਦੋਂ ਬੇਰੁਜ਼ਗਾਰ ਅਧਿਆਪਕਾਂ ਉੱਤੇ ਜ਼ਬਰ ਕਰਨ ਵਾਲੇ ਡੀਐਸਪੀ ਗੁਰਮੀਤ ਸਿੰਘ ਸੋਹਲ ਨੂੰ ਸਜ਼ਾ ਦੇਣ ਦੀ ਬਜਾਏ ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋ ਪੰਜਾਬ ਵਿਧਾਨ ਸਭਾ ਸੈਸ਼ਨ ਦੇ ਪਹਿਲੇ ਦਿਨ ਆਪਣੇ ਸਿਰਹਾਣੇ ਤਾਇਨਾਤ ਰੱਖਿਆ। ਇਹ ਰੋਸ ਬੇਰੁਜ਼ਗਾਰ ਬੀ ਐਡ ਟੈਟ ਪਾਸ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਉੱਤੇ ਜ਼ਾਹਰ ਕੀਤਾ ਗਿਆ ਹੈ। ਸੂਬਾ ਪ੍ਰਧਾਨ ਢਿੱਲਵਾਂ ਨੇ ਕਿਹਾ ਕਿ ਇਸ ਪੁਲਿਸ ਅਫਸਰ ਨੂੰ ਸਜ਼ਾ ਦੇਣ ਦੀ ਬਜਾਏ ਚੰਡੀਗੜ੍ਹ ਵਿੱਚ ਅਹਿਮ ਜਗ੍ਹਾ ਤਾਇਨਾਤ ਕਰਕੇ ਇਸ ਸਰਕਾਰ ਨੇ ਪਿਛਲੀਆਂ ਰਵਾਇਤੀ ਸਰਕਾਰਾਂ ਨੂੰ ਵੀ ਮਾਤ ਪਾ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਪਿਛਲੀ ਕਾਂਗਰਸ ਸਰਕਾਰ ਮੌਕੇ ਰੁਜ਼ਗਾਰ ਮੰਗਦੇ ਬੇਰੁਜ਼ਗਾਰ ਅਧਿਆਪਕਾਂ ਨੇ ਮਾਨਸਾ ਵਿਖੇ ਉਸ ਮੌਕੇ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਘਿਰਾਓ ਕਰਨਾ ਸੀ ਪ੍ਰੰਤੂ ਉਸ ਵੇਲੇ ਮੁੱਖ ਮੰਤਰੀ ਦੀ ਸੁਰੱਖਿਆ ਵਿੱਚ ਤਾਇਨਾਤ ਉਕਤ ਪੁਲਿਸ ਅਧਿਕਾਰੀ ਨੇ ਆਪਣੀ ਡਿਊਟੀ ਤੋਂ ਬਾਹਰ ਜਾਕੇ ਬੇਰੁਜ਼ਗਾਰਾਂ ਉੱਤੇ ਵਹਸ਼ਿਆਨਾ ਤਸ਼ੱਦਦ ਕੀਤਾ ਸੀ ਜਦਕਿ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਪ੍ਰਦਰਸ਼ਨਕਾਰੀਆਂ ਨੂੰ ਬੱਸਾਂ ਵਿੱਚ ਤਾੜਿਆ ਹੋਇਆ ਸੀ।
ਉਸ ਮੌਕੇ ਆਪੇ ਤੋਂ ਬਾਹਰ ਹੋਕੇ ਇਸ ਪੁਲਿਸ ਅਧਿਕਾਰੀ ਨੇ ਡਾਂਗ ਦੀਆਂ ਹੁੱਜਾਂ ਨਾਲ ਬੇਰੁਜ਼ਗਾਰਾਂ ਨੂੰ ਬੇਰਹਿਮੀ ਨਾਲ ਕੁੱਟਿਆ ਸੀ ਜਿਸਦੇ ਸਮੁੱਚੇ ਪੰਜਾਬ ਦੇ ਲੋਕਾਂ ਅਤੇ ਪਾਰਟੀਆਂ ਵੱਲੋਂ ਸਖ਼ਤ ਨਿਖੇਧੀ ਕੀਤੀ ਸੀ। ਇਸ ਸਬੰਧੀ ਮਾਨਸਾ ਦੀਆਂ ਜਥੇਬੰਦੀਆਂ ਵੱਲੋਂ ਸੰਘਰਸ਼ ਵੀ ਵਿੱਢਿਆ ਗਿਆ ਸੀ। ਆਮ ਆਦਮੀ ਉਸ ਸਮੇਂ ਖੁਦ ਇਹ ਕਹਿੰਦੀ ਸੀ ਕਿ ਇਸ ਅਫਸਰ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਪਰ ਕੱਲ੍ਹ ਇਹ ਜਾਣ ਕੇ ਹੈਰਾਨੀ ਹੋਈ ਕਿ ਸੱਤਾ ਵਿੱਚ ਆਉਣ 'ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਅਫਸਰ ਨੂੰ ਸੂਬੇ ਦੀ ਸਭ ਤੋਂ ਅਹਿਮ ਜਗ੍ਹਾ ਤਾਇਨਾਤ ਕੀਤਾ ਹੋਇਆ ਹੈ।
ਬੇਰੁਜ਼ਗਾਰ ਆਗੂ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਪਹਿਲੇ ਬਜ਼ਟ ਸੈਸ਼ਨ ਮੌਕੇ ਸਪੀਕਰ ਦੀ ਕੁਰਸੀ ਪਿੱਛੇ ਖੜ੍ਹੇ ਉਕਤ ਜ਼ਾਲਮ ਨੂੰ ਵੇਖ ਕੇ ਬੇਰੁਜ਼ਗਾਰਾਂ ਦੇ ਹਿਰਦੇ ਵਲੂੰਧਰੇ ਗਏ। ਬੇਰੁਜ਼ਗਾਰ ਯੂਨੀਅਨ ਨੇ ਮੰਗ ਕੀਤੀ ਕਿ ਅਧਵਾਟੇ ਲਟਕ ਰਹੀ ਪੜਤਾਲ ਨੂੰ ਨੇਪਰੇ ਚਾੜ੍ਹ ਕੇ ਉਕਤ ਅਧਿਕਾਰੀ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ। ਕਾਰਵਾਈ ਨਾ ਹੋਣ ਦੀ ਸੂਰਤ ਵਿੱਚ ਬੇਰੁਜ਼ਗਾਰਾਂ ਵੱਲੋ ਆਮ ਆਦਮੀ ਪਾਰਟੀ ਸਰਕਾਰ ਦਾ ਚਿਹਰਾ ਨੰਗਾ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਬਜਟ ਸੈਸ਼ਨ ਦੇ ਦੂਜੇ ਦਿਨ ਵਿਰੋੋਧੀ ਪਾਰਟੀਆਂ ਨੇ ਘੇਰੀ ਮਾਨ ਸਰਕਾਰ ਤਾਂ ਆਪ ਵਿਧਾਇਕਾਂ ਨੇ ਪੂਰਿਆ ਆਪ ਦਾ ਪੱਖ