ਬਰਨਾਲਾ: ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਸਬੰਧਤ ਬਰਨਾਲਾ ਦੇ ਕੁੱਝ ਪਾਰਟੀ ਆਗੂ ਢੀਂਡਸਾ ਪਰਿਵਾਰ ਨਾਲ ਚਲੇ ਗਏ ਸਨ। ਇਨ੍ਹਾਂ ਨੂੰ ਸ਼ੁੱਕਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬਰਨਾਲਾ ਵਿਖੇ ਪਹੁੰਚ ਕੇ ਮੁੜ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ। ਸੁਖਬੀਰ ਬਾਦਲ ਨੇ ਢੀਂਡਸਾ ਪਰਿਵਾਰ ’ਤੇ ਤੰਜ਼ ਕਸਦਿਆਂ ਕਿਹਾ ਕਿ ਨਰਾਜ਼ ਵਰਕਰਾਂ ਨੂੰ ਤਾਂ ਪਾਰਟੀ ਵਿੱਚ ਵਾਪਸ ਲਿਆਂਦਾ ਜਾਵੇਗਾ ਪਰ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰਨ ਵਾਲਿਆਂ ਨੂੰ ਪਾਰਟੀ ’ਚ ਵਾਪਸ ਨਹੀਂ ਲਿਆ ਜਾਵੇਗਾ।
ਸੁਖਬੀਰ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਦੇ ਕੁੱਝ ਵਰਕਰ ਢੀਂਡਸਾ ਪਰਿਵਾਰ ਨਾਲ ਚਲੇ ਗਏ ਸਨ, ਜਿਨ੍ਹਾਂ ਨੂੰ ਅੱਜ ਪਾਰਟੀ ਵਿੱਚ ਵਾਪਸ ਲਿਆਂਦਾ ਗਿਆ ਹੈ। ਨਰਾਜ਼ ਪਾਰਟੀ ਵਰਕਰਾਂ ਨੂੰ ਵੀ ਜਲਦੀ ਹੀ ਪਾਰਟੀ ਵਿੱਚ ਵਾਪਸ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਪ੍ਰਕਾਸ਼ ਸਿੰਘ ਬਾਦਲ ਨੇ ਢੀਂਡਸਾ ਪਰਿਵਾਰ ਨੂੰ ਬਹੁਤ ਇੱਜ਼ਤ ਦਿੱਤੀ ਸੀ ਅਤੇ ਪਾਰਟੀ ਵਿੱਚ ਚੰਗਾ ਸਨਮਾਨ ਦਿੱਤਾ ਗਿਆ ਸੀ। ਇਸ ਦੇ ਬਾਵਜੂਦ ਢੀਂਡਸਾ ਪਰਿਵਾਰ ਨੇ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ ਤੇ ਉਨ੍ਹਾਂ ਨੂੰ ਕਦੇ ਵੀ ਪਾਰਟੀ ਵਿੱਚ ਵਾਪਸ ਨਹੀਂ ਰੱਖਿਆ ਜਾਵੇਗਾ।
ਜਦੋਂਕਿ ਬਰਨਾਲਾ ਵਿੱਚ 4500 ਤੋਂ ਵੱਧ ਪਰਿਵਾਰਾਂ ਦੇ ਨੀਲੇ ਕਾਰਡ ਕੱਟੇ ਜਾਣ ’ਤੇ ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਆਉਣ ’ਤੇ ਸਾਰਿਆਂ ਦੇ ਕਾਰਡ ਮੁੜ ਬਣਾਏ ਜਾਣਗੇ।
ਇਸ ਮਾਮਲੇ ‘ਤੇ ਢੀਂਡਸਾ ਪਰਿਵਾਰ ਨਾਲ ਗਏ ਪਰਮਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਉਹ ਪਹਿਲਾਂ ਹੀ ਅਕਾਲੀ ਦਲ ਦਾ ਵਫ਼ਾਦਾਰ ਸਿਪਾਹੀ ਹੈ ਅਤੇ ਪਾਰਟੀ ਵਿੱਚ ਛੋਟੀਆਂ-ਛੋਟੀਆਂ ਗੱਲਾਂ ਚੱਲ ਰਹੀਆਂ ਹਨ ਤੇ ਨਰਾਜ਼ਗੀ ਹੁਣ ਖ਼ਤਮ ਹੋ ਗਈ ਹੈ। ਢੀਂਡਸਾ ਪਰਿਵਾਰ ਨਾਲ ਗਏ ਬਰਨਾਲਾ ਦੇ ਬਾਕੀ ਅਕਾਲੀ ਆਗੂ ਵੀ ਜਲਦੀ ਹੀ ਪਾਰਟੀ ਵਿੱਚ ਪਰਤ ਆਉਣਗੇ।
ਜ਼ਿਕਰਯੋਗ ਹੈ ਕਿ ਢੀਂਡਸਾ ਪਰਿਵਾਰ ਦੀ ਬਗ਼ਾਵਤ ਤੋਂ ਬਾਅਦ ਬਰਨਾਲਾ ਜ਼ਿਲ੍ਹੇ ਦੀ ਅਕਾਲੀ ਸਿਆਸਤ ਵਿੱਚ ਕਾਫ਼ੀ ਘਮਾਸਾਨ ਚੱਲ ਰਿਹਾ ਹੈ। ਲਗਾਤਾਰ ਸ਼੍ਰੋਮਣੀ ਅਕਾਲੀ ਦਲ ਵਿੱਚ ਫੇਰਬਦਲ ਹੋ ਰਹੇ ਹਨ। ਜਿਸਦਾ ਆਉਣ ਵਾਲੀਆਂ ਨਗਰ ਕੌਂਸਲ ਅਤੇ ਵਿਧਾਨ ਸਭਾ ਚੋਣਾਂ ਵਿੱਚ ਅਸਰ ਜ਼ਰੂਰ ਵੇਖਣ ਨੂੰ ਮਿਲੇਗਾ।