ਬਰਨਾਲਾ: ਕਾਰਗਿਲ ਜੰਗ ਵਿੱਚ ਸ਼ੁਰੂ ਤੋਂ ਅੰਤ ਤੱਕ ਦੇਸ਼ ਲਈ ਬਾਰਡਰ ਉੱਤੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨ੍ਹਾਂ ਸੂਬੇਦਾਰ ਜਗਤਾਰ ਸਿੰਘ ਨੇ ਲੜਾਈ ਲੜੀ। ਉਹ ਅੱਠ ਸਿੱਖ ਚੜ੍ਹਦੀ ਕਲਾ ਰੈਜੀਮੈਂਟ ਵਿੱਚ ਸ਼ਾਮਲ ਸਨ। ਜਗਤਾਰ ਸਿੰਘ ਅਤੇ ਉਸ ਦੇ ਪਰਿਵਾਰ ਨੂੰ ਅੱਜ ਵੀ ਦੇਸ਼ ਲਈ ਕੀਤੀ ਕੁਰਬਾਨੀ ਦੀ ਮਾਣ ਹੈ। ਇਸ ਮੌਕੇ ਸੂਬੇਦਾਰ ਜਗਤਾਰ ਸਿੰਘ ਨੇ ਕਿਹਾ ਕਿ ਉਸ ਨੇ ਅੱਠ ਸਿੱਖ ਚੜ੍ਹਦੀ ਕਲਾ ਬਟਾਲੀਅਨ ਵਿੱਚ ਨੌਕਰੀ ਕੀਤੀ। ਉਹਨਾਂ ਵੱਲੋਂ ਕਾਰਗਿਲ ਦੀ 1999 ਦੀ ਲੜਾਈ ਵਿੱਚ ਸ਼ੁਰੂ ਤੋਂ ਲੈ ਕੇ ਅੰਤ ਤੱਕ ਹਿੱਸਾ ਬਣ ਕੇ ਰਹੇ।
ਯੂਨਿਟ ਨੂੰ ਕਾਰਗਿਲ ਭੇਜਿਆ ਗਿਆ: ਉਹਨਾਂ ਦੱਸਿਆ ਕਿ ਉਹ 21 ਦਸੰਬਰ ਨੂੰ 1987 ਨੂੰ ਪਟਿਆਲਾ ਵਿਖੇ ਫ਼ੌਜ ਵਿੱਚ ਭਾਰਤੀ ਹੋਇਆ ਸੀ। ਜਿਸ ਤੋਂ ਬਾਅਦ ਟ੍ਰੇਨਿੰਗ ਉਪਰੰਤ ਉਸ ਦੀ ਚੋਣ ਅੱਠ ਸਿੱਖ ਚੜ੍ਹਦੀ ਕਲਾ ਬਟਾਲੀਅਨ ਵਿੱਚ ਹੋਈ। ਜਿਸ ਉਪਰੰਤ ਦੇਸ਼ ਦੇ ਵੱਖ-ਵੱਖ ਥਾਵਾਂ ਉੱਤੇ ਨੌਕਰੀ ਕਰਨ ਦਾ ਮੌਕਾ ਮਿਲਿਆ। 6 ਮਈ 1999 ਨੂੰ ਉਹਨਾਂ ਦੀ ਯੂਨਿਟ ਨੂੰ ਕਾਰਗਿਲ ਵਿੱਚ ਭੇਜਿਆ ਗਿਆ। ਜਿੱਥੇ ਅੱਤਵਾਦੀਆਂ ਅਤੇ ਪਾਕਿਸਤਾਨੀ ਫ਼ੌਜ ਦਾ ਡੱਟ ਕੇ ਸਾਹਮਣਾ ਕੀਤਾ। ਉਹਨਾਂ ਦੱਸਿਆ ਕਿ ਕਾਰਗਿਲ ਦੀ ਜੰਗ ਦੌਰਾਨ ਟਾਇਗਰ ਹਿੱਲ ਨੇੜੇ ਪਹੁੰਚਣ ਦਾ ਉਹਨਾਂ ਦੀ ਯੂਨਿਟ ਨੂੰ ਟਾਰਗੇਟ ਮਿਲਿਆ ਸੀ। ਜੰਗ ਦੌਰਾਨ ਖਾਣ-ਪੀਣ ਦੀ ਵੀ ਕਈ ਵਾਰ ਦਿੱਕਤ ਆਈ। ਯੂਨਿਟ ਉੱਪਰ ਜਦੋਂ ਪਾਕਿਸਤਾਨੀ ਫ਼ੌਜ ਨੇ ਫ਼ਾਇਰ ਕੀਤੇ ਤਾਂ ਯੂਨਿਟ ਦੇ ਨਾਇਕ ਰਣਜੀਤ ਸਿੰਘ ਸ਼ਹੀਦ ਹੋ ਗਏ ਅਤੇ ਕਈ ਜਵਾਨ ਜ਼ਖ਼ਮੀ ਹੋ ਗਏ ਸਨ।
ਟਾਗਰੇਟ ਸੀ ਟਾਈਗਰ ਹਿੱਲ ਫਤਹਿ: ਉਹਨਾਂ ਕਿਹਾ ਕਿ ਪਹਿਲੀ ਫਾਇਰਿੰਗ ਤੋਂ ਬਾਅਦ ਥੋੜ੍ਹਾ ਬਹੁਤ ਡਰ ਦਾ ਮਾਹੌਲ ਵੀ ਸੀ, ਪਰ ਸਾਡੇ ਮਨਾਂ ਵਿੱਚ ਦੇਸ਼ ਦੀ ਸੇਵਾ ਲਈ ਸ਼ਹੀਦੀਆਂ ਪ੍ਰਾਪਤ ਕਰਨ ਦਾ ਜਜਬਾ ਵੀ ਸੀ ਅਤੇ ਅੱਤਵਾਦੀਆਂ ਤੋਂ ਦੇਸ਼ ਦਾ ਕਾਬਜ਼ ਏਰੀਆ ਵੀ ਛੁਡਵਾਉਣ ਦਾ ਜਜਬਾ ਸੀ। ਯੂਨਿਟ ਦਾ ਇੱਕੋ ਮਿਸ਼ਨ ਸੀ ਕਿ ਫ਼ੌਜ ਵੱਲੋਂ ਜੋ ਵੀ ਟਾਗਰੇਟ ਦਿੱਤਾ ਗਿਆ ਹੈ, ਉਹ ਪੂਰਾ ਕਰਨਾ ਹੈ। ਉਹਨਾਂ ਦੱਸਿਆ ਕਿ ਸਾਡੇ ਸਿਪਾਹੀ ਸੁਰਜੀਤ ਸਿੰਘ, ਸਿਪਾਹੀ ਸਤਵੰਤ ਸਿੰਘ ਸ਼ਹੀਦ ਹੋ ਗਏ ਸਨ, ਜੋ ਪਾਕਿਸਤਾਨੀ ਫ਼ੌਜ ਵਲੋਂ ਛੱਡੇ ਗਏ ਬੰਬ ਕਾਰਨ ਸ਼ਹੀਦ ਹੋ ਗਏ। ਜਦ ਕਿ ਨਾਇਕ ਨਿਰਮਲ ਸਿੰਘ ਅਤੇ ਨਾਇਕ ਜਸਵੰਤ ਸਿੰਘ ਜ਼ਖ਼ਮੀ ਹੋ ਗਏ ਸਨ। ਉਹਨਾਂ ਕਿਹਾ ਕਿ ਜੰਗ ਦੌਰਾਨ ਪਰਿਵਾਰ ਨਾਲ ਗੱਲ ਕਰਨ ਦਾ ਕੋਈ ਸਾਧਨ ਨਹੀਂ ਸੀ। ਗੁਆਂਢੀਆਂ ਦੇ ਘਰ ਟੈਲੀਫ਼ੋਨ ਹੁੰਦਾ ਸੀ ਅਤੇ ਪਰਿਵਾਰ ਨਾਲ ਸਿਰਫ਼ ਇੱਕ ਵਾਰ ਹੀ ਗੱਲ ਹੋਈ ਅਤੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਅਸੀਂ ਪੂਰੀ ਤਰ੍ਹਾਂ ਤੰਦਰੁਸਤ ਹਾਂ।
ਉਹਨਾਂ ਦੱਸਿਆ ਕਿ ਇਹ ਲੜਾਈ 6 ਮਈ ਤੋਂ ਸ਼ੁਰੂ ਹੋਈ ਅਤੇ 6 ਜੁਲਾਈ ਨੂੰ ਟਾਇਗਰ ਹਿੱਲ ਉੱਤੇ ਭਾਰਤੀ ਫ਼ੌਜ ਨੇ ਕਬਜ਼ਾ ਕਰਕੇ ਜਿੱਤ ਹਾਸਲ ਕੀਤੀ ਸੀ। ਉਹਨਾਂ ਕਿਹਾ ਕਿ ਕਾਰਗਿਲ ਦੀ ਲੜਾਈ 25 ਤੋਂ 30 ਕਿਲੋਮੀਟਰ ਦੇ ਏਰੀਏ ਵਿੱਚ ਚੱਲ ਰਹੀ ਸੀ। ਫ਼ੌਜ ਦੀਆਂ ਵੱਖ-ਵੱਖ ਯੂਨਿਟਾਂ ਨੂੰ ਵੱਖ-ਵੱਖ ਟਾਰਗੇਟ ਦਿੱਤੇ ਗਏ ਸਨ। ਜਦਕਿ ਉਨ੍ਹਾਂ ਦਾ ਟਾਰਗੇਟ ਟਾਇਗਰ ਹਿੱਲ ਦਾ ਸੀ, ਜਿਸ ਨੂੰ ਉਨ੍ਹਾਂ ਨੇ ਫ਼ਤਹਿ ਕੀਤਾ। ਉਹਨਾਂ ਕਿਹਾ ਕਿ ਸਾਨੂੰ ਆਪਣੇ ਉਪਰ ਮਾਣ ਮਹਿਸੂਸ ਹੁੰਦਾ ਹੈ ਕਿ ਅਸੀਂ ਦੇਸ਼ ਲਈ ਜੋ ਸੋਚ ਕੇ ਫ਼ੌਜ ਵਿੱਚ ਭਰਤੀ ਹੋਏ ਸੀ, ਉਸ ਉਪਰ ਅਸੀਂ ਖਰੇ ਉਤਰੇ। ਉਹਨਾਂ ਕਿਹਾ ਕਿ ਅਸੀਂ ਮਾਣ ਮਹਿਸੂਸ ਕਰਦੇ ਹਾਂ ਕਿ ਅਸੀਂ ਵੀ ਕਾਰਗਿਲ ਦੀ ਜੰਗ ਆਪਣੇ ਦੇਸ਼ ਲਈ ਲੜੀ ਹੈ।
ਟਾਈਗਰ ਹਿੱਲ ਉੱਤੇ ਲਹਿਰਾਇਆ ਤਿਰੰਗਾ: ਜੰਗ ਦੌਰਾਨ ਵੱਡੀ ਸਮੱਸਿਆ ਸੀ ਕਿਉਂਕਿ ਯੂਨਿਟ ਪਹਿਲਾਂ ਗੁਰਦਾਸਪੁਰ ਵਿੱਚ ਸੀ ਅਤੇ ਜੁਲਾਈ ਮਹੀਨੇ ਕਾਫ਼ੀ ਗਰਮੀ ਹੁੰਦੀ ਹੈ ਪਰ ਜਿੱਥੇ ਸਾਨੂੰ ਟਾਰਗੇਟ ਦਿੱਤਾ ਗਿਆ, ਉੱਥੇ ਤਾਪਮਾਨ ਘੱਟ ਸੀ ਅਤੇ ਸਾਨੂੰ ਪੂਰੇ ਪ੍ਰਬੰਧ ਵੀ ਨਹੀਂ ਮਿਲੇ ਸਨ। ਜਦਕਿ ਖਾਣੇ ਦੀ ਵੀ ਕੁੱਝ ਸਮੱਸਿਆ ਆਈ। ਉਹਨਾਂ ਕਿਹਾ ਕਿ ਜਦੋਂ ਦੇਸ਼ ਵੱਲੋਂ ਜੰਗ ਦੀ ਜਿੱਤ ਦੀ ਖ਼ਬਰ ਮਿਲੀ ਤਾਂ ਬਹੁਤ ਖੁਸ਼ੀ ਹੋਈ ਅਤੇ ਟਾਇਗਰ ਹਿੱਲ ਉਪਰ ਅਸੀਂ ਤਿਰੰਗਾ ਝੰਡਾ ਲਹਿਰਾਇਆ ਅਤੇ ਖੂਬ ਜਸ਼ਨ ਮਨਾਏ ਗਏ। ਸਾਡੇ ਸਾਥੀਆਂ ਨੇ ਜੋ ਸ਼ਹੀਦੀਆਂ ਦਿੱਤੀਆਂ ਸਨ, ਉਸਦਾ ਦੇਸ਼ ਨੂੰ ਫ਼ਾਇਦਾ ਹੋਇਆ ਅਤੇ ਸ਼ਹੀਦਾਂ ਦੇ ਡੁੱਲੇ ਖੂਨ ਦਾ ਮੁੱਲ ਜਿੱਤ ਨਾਲ ਹੋਇਆ ਹੈ।
ਉਹਨਾਂ ਕਿਹਾ ਕਿ ਕਾਰਗਿਲ ਦੀ ਜਿੱਤ ਤੋਂ 2 ਮਹੀਨੇ ਬਾਅਦ ਸਿਰਫ਼ ਇੱਕ ਦੋ ਦਿਨ ਲਈ ਘਰ ਆਉਣ ਦਾ ਮੌਕਾ ਮਿਲਿਆ ਸੀ। ਪਰਿਵਾਰ ਬਹੁਤ ਟੈਨਸ਼ਨ ਵਿੱਚ ਸਨ, ਕਿਉਂਕਿ ਉਸ ਵੇਲੇ ਸੰਚਾਰ ਦੇ ਬਹੁਤੇ ਸਾਧਨ ਨਹੀਂ ਸਨ। ਖ਼ਬਰਾਂ ਰਾਹੀਂ ਹੀ ਸੂਚਨਾ ਘਰਾਂ ਤੱਕ ਆਉਂਦੀ ਸੀ। ਘਰ ਪਹੁੰਚਣ ਉੱਤੇ ਪਰਿਵਾਰਾਂ ਨੇ ਬਹੁਤ ਖੁਸ਼ੀ ਜਾਹਰ ਕੀਤੀ। ਉਹਨਾਂ ਕਿਹਾ ਕਿ ਜੰਗ ਤੋਂ ਬਾਅਦ ਵੀ ਉਹਨਾਂ ਨੇ ਆਪਣੀ ਡਿਊਟੀ ਉਸ ਜਗ੍ਹਾ ਕੀਤੀ ਹੈ। ਉਹਨਾਂ ਕਿਹਾ ਕਿ ਜੰਗ ਤੋਂ ਬਾਅਦ ਸਾਡੀ ਪਲਟਣ ਨੂੰ ਦੇਸ਼ ਦੀ ਸਰਕਾਰ ਅਤੇ ਫ਼ੌਜ ਵਲੋਂ ਕਈ ਸਨਮਾਨ ਅਤੇ ਐਵਾਰਡ ਵੀ ਮਿਲੇ। ਸਾਡੀ ਪਲਟਣ ਦੇ ਸਾਥੀਆਂ ਨੂੰ 12 ਸੈਨਾ ਮੈਡਲ, ਵੀਰ ਚੱਕਰ ਮਿਲੇ। ਉਹਨਾਂ ਕਿਹਾ ਕਿ ਸਾਡੀ ਭਾਰਤੀ ਫ਼ੌਜ ਬਹੁਤ ਤਕੜੀ ਫ਼ੌਜ ਹੈ। ਜਿਸ ਉੱਤੇ ਸਾਨੂੰ ਮਾਣ ਮਹਿਸੂਸ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜੋ ਵੀ ਫ਼ੌਜੀ ਜਵਾਨਾਂ ਨੇ ਦੇਸ਼ ਲਈ ਸ਼ਹੀਦੀਆਂ ਪ੍ਰਾਪਤ ਕੀਤੀਆਂ ਹਨ, ਉਹਨਾਂ ਦੇ ਪਰਿਵਾਰਾਂ ਨੂੰ ਹਮੇਸ਼ਾ ਯਾਦ ਕਰਕੇ ਬਣਦਾ ਮਾਣ ਸਨਮਾਨ ਦਿੱਤਾ ਜਾਣਾ ਚਾਹੀਦਾ ਹੈ।
ਪਤਨੀ ਨੇ ਜ਼ਾਹਿਰ ਕੀਤੇ ਜਜ਼ਬਾਤ: ਇਸ ਮੌਕੇ ਜਗਤਾਰ ਸਿੰਘ ਦੀ ਪਤਨੀ ਮਨਜੀਤ ਕੌਰ ਨੇ ਕਿਹਾ ਕਿ ਜਦੋਂ ਉਹਨਾਂ ਦੇ ਪਤੀ ਕਾਰਗਿਲ ਦੀ ਜੰਗ ਵਿੱਚ ਸਨ ਤਾਂ ਉਹ ਆਪਣੇ ਪੇਕੇ ਪਿੰਡ ਰਹਿੰਦੇ ਸਨ। ਜਦੋਂ ਉਹਨਾਂ ਨੂੰ ਲੜਾਈ ਦਾ ਪਤਾ ਲੱਗਿਆ ਤਾਂ ਉਹ ਬਹੁਤ ਸਹਿਮ ਗਏ ਸਨ ਕਿ ਉਹਨਾਂ ਦੇ ਪਤੀ ਦੀ ਪਲਟਣ ਵੀ ਜੰਗ ਵਿੱਚ ਗਈ ਹੋਈ ਹੈ। ਉਸ ਵੇਲੇ ਉਨ੍ਹਾਂ ਬੇਟੀ ਵੀ 6 ਮਹੀਨੇ ਦੀ ਸੀ। ਉਹਨਾਂ ਕਿਹਾ ਕਿ ਜੰਗ ਦੌਰਾਨ ਸਾਡੀ ਕਦੇ ਵੀ ਆਪਸ ਵਿੱਚ ਗੱਲ ਨਹੀਂ ਹੋਈ। ਜੰਗ ਸਮਾਪਤ ਹੋਈ ਤੋਂ ਬਾਅਦ ਹੀ ਪਤੀ ਨਾਲ ਗੱਲ ਹੋ ਸਕੀ। ਉਹਨਾਂ ਕਿਹਾ ਕਿ ਉਸ ਵੇਲੇ ਡਰ ਸੀ ਕਿ ਬੱਚੀ ਬਹੁਤ ਛੋਟੀ ਹੈ। ਕੋਈ ਪਤਾ ਨਹੀਂ ਕਿਸ ਵੇਲੇ ਸ਼ਹੀਦੀ ਦੀ ਖ਼ਬਰ ਦਾ ਸੁਨੇਹਾ ਉਹਨਾਂ ਨੂੰ ਮਿਲ ਜਾਵੇ ਅਤੇ ਇਹ ਆਪਣੀ ਬੱਚੀ ਨੂੰ ਦੇਖ ਵੀ ਸਕਣਗੇ ਜਾਂ ਨਹੀਂ। ਉਹਨਾਂ ਕਿਹਾ ਕਿ ਜਦੋਂ ਜੰਗ ਜਿੱਤ ਕੇ ਪਤੀ ਵਾਪਸ ਆਏ ਤਾਂ ਬਹੁਤ ਖੁ਼ਸ਼ੀ ਸੀ। ਸਾਰੇ ਪਿੰਡ ਨੇ ਹੀ ਇਸਦੀ ਖੁਸ਼ੀ ਮਨਾਈ। ਉਹਨਾਂ ਕਿਹਾ ਕਿ ਜੰਗ ਤਾਂ ਸਭ ਲਈ ਹੀ ਮਾੜੀ ਹੈ। ਕਿੰਨੇ ਹੀ ਫ਼ੌਜੀ ਜਵਾਨ ਇਸ ਜੰਗ ਵਿੱਚ ਸ਼ਹੀਦ ਹੋ ਗਏ ਸਨ। ਉਹਨਾਂ ਕਿਹਾ ਕਿ ਸਾਨੂੰ ਬਹੁਤ ਮਾਣ ਹੈ ਕਿ ਉਨ੍ਹਾਂ ਦੇ ਪਤੀ ਨੇ ਦੇਸ਼ ਲਈ ਵੱਡੀ ਜੰਗ ਵਿੱਚ ਭਾਗ ਲਿਆ।