ਬਰਨਾਲਾ: ਕਾਲੇ ਕਾਨੂੰਨ ਇੱਕ ਐਕਸ਼ਨ ਨਾਲ ਰੱਦ ਨਹੀਂ ਹੋਣੇ ਕਿਉਂਕਿ ਕਿਸਾਨਾਂ ਦੀ ਟੱਕਰ ਕੇਂਦਰ ਦੀ ਮੋਦੀ ਸਰਕਾਰ ਨਾਲ ਹੈ। ਇਸ ਲਈ ਸੰਘਰਸ਼ ਲੰਮਾ ਹੋ ਸਕਦਾ ਹੈ ਪਰੰਤੂ ਅਖ਼ੀਰ ਵਿੱਚ ਜਿੱਤ ਕਿਸਾਨਾਂ ਦੇ ਸੰਘਰਸ਼ ਦੀ ਹੀ ਹੋਵੇਗੀ। ਇਹ ਗੱਲ ਸ਼ੁੱਕਰਵਾਰ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਦਿੱਲੀ ਚੱਲੋ ਦੇ ਸੱਦੇ ਤਹਿਤ ਕਿਸਾਨਾਂ ਦੇ ਬਰਨਾਲਾ ਤੋਂ ਦਿੱਲੀ ਲਈ ਰਵਾਨਾ ਹੋਣ ਸਮੇਂ ਕਿਸਾਨ ਆਗੂ ਮਨਜੀਤ ਸਿੰਘ ਧਨੇਰ ਨੇ ਕਹੀ।
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਆਗੂ ਮਨਜੀਤ ਸਿੰਘ ਧਨੇਰ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਕਾਲੇ ਕਾਨੂੰਨ ਸਿਰਫ਼ ਇੱਕ ਐਕਸ਼ਨ ਨਾਲ ਨਹੀਂ ਰੱਦ ਹੁੰਦੇ, ਬਲਕਿ ਇਸ ਲਈ ਲੰਮਾ ਸੰਘਰਸ਼ ਲੜਨਾ ਪੈਂਦਾ ਹੈ। ਸਾਡੀ ਟੱਕਰ ਇੱਕ ਵੱਡੀ ਸ਼ਕਤੀ ਮੋਦੀ ਸਾਮਰਾਜ ਨਾਲ ਹੈ, ਜਿਸ ਦੀਆਂ ਨੀਤੀਆਂ ਦੁਨੀਆ ਦੇ ਲੋਕਾਂ ਨੂੰ ਲੁੱਟ ਕੇ ਸਾਰੀ ਵਾਗਡੌਰ ਕੁੱਝ ਘਰਾਣਿਆਂ ਦੇ ਹੱਥ ਸੌਂਪਣ ਵਾਲੀਆਂ ਹਨ। ਇਸ ਲਈ ਸੰਘਰਸ਼ ਲੰਮਾ ਚੱਲ ਸਕਦਾ ਹੈ।
ਉਨ੍ਹਾਂ ਕਿਹਾ ਕਿ ਮੋਦੀ ਦੇ ਮੋਢਿਆਂ 'ਤੇ ਅੰਬਾਨੀ ਤੇ ਅਡਾਨੀ ਵਰਗੇ ਧਨਾਢ ਬੈਠੇ ਹਨ, ਇਸ ਲਈ ਇਹ ਮੰਨ ਕੇ ਨਹੀਂ ਚੱਲਣਾ ਚਾਹੀਦਾ ਕਿ ਅੱਜ ਜੋ ਐਕਸ਼ਨ ਕੀਤਾ ਹੈ ਉਸ ਨਾਲ ਜਿੱਤ ਹੋਵੇਗੀ, ਲੜਾਈ ਸਾਲਾਂਬੱਧੀ ਹੋਵੇਗੀ ਪਰੰਤੂ ਜਿੱਤ ਅਖ਼ੀਰ ਕਿਸਾਨਾਂ ਦੀ ਹੀ ਹੋਵੇਗੀ।
ਕਿਸਾਨ ਆਗੂ ਨੇ ਕਿਹਾ ਕਿ ਭਾਵੇਂ ਕੇਂਦਰ ਸਰਕਾਰ ਕਿਸਾਨਾਂ ਨਾਲ ਤਿੰਨ ਦਸੰਬਰ ਨੂੰ ਮੀਟਿੰਗ ਦੀ ਗੱਲਬਾਤ ਕਰ ਰਹੀ ਹੈ, ਪਰ ਅਜੇ ਤੱਕ ਕੋਈ ਵੀ ਲਿਖਤੀ ਚਿੱਠੀ ਉਨ੍ਹਾਂ ਕੋਲ ਨਹੀਂ ਪਹੁੰਚੀ। ਉਨ੍ਹਾਂ ਕਿਹਾ ਕਿ ਇਹ ਕੇਂਦਰ ਸਰਕਾਰ ਦੀਆਂ ਨੀਤੀਆਂ ਹਨ ਅਤੇ ਉਹ ਇਸ ਤਰ੍ਹਾਂ ਦਾ ਪ੍ਰਚਾਰ ਹਮੇਸ਼ਾ ਹੀ ਕਰਦੀ ਰਹੀ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਪੰਜਾਬ ਨੂੰ ਜੰਮੂ-ਕਸ਼ਮੀਰ ਵਾਂਗ ਇਕੱਲਿਆਂ ਸਮਝ ਕੇ ਦੱਬਣ ਦੀ ਕੋਸ਼ਿਸ਼ ਨਾ ਕਰੇ ਕਿਉਂਕਿ ਇਹ ਲੜਾਈ ਹੁਣ ਦੇਸ਼ ਪੱਧਰ ਦੇ ਕਿਸਾਨਾਂ ਦੀ ਬਣ ਚੁੱਕੀ ਹੈ। ਕਿਸਾਨਾਂ ਸਮੇਤ ਹਰ ਵਰਗ ਇਸ ਸੰਘਰਸ਼ ਦਾ ਹਿੱਸਾ ਬਣ ਰਿਹਾ ਹੈ।
ਆਗੂ ਨੇ ਕਿਹਾ ਕਿ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਉਪਰਲੇ ਪੱਧਰ ਤੋਂ ਲੈ ਕੇ ਹੇਠਲੇ ਪੱਧਰ ਤੱਕ ਜ਼ਾਬਤੇ ਵਿੱਚ ਰਹਿ ਕੇ ਸੰਘਰਸ਼ ਨੂੰ ਜਿੱਤ ਵੱਲ ਲਿਜਾ ਰਹੇ ਹਨ ਅਤੇ ਜੰਗ ਲੜੀ ਜਾ ਰਹੀ ਹੈ ਅਤੇ ਲੜਦੇ ਰਹਿਣਗੇ।