ਬਰਨਾਲਾ: ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦਿਨ ਸ਼ੁੱਕਰਵਾਰ ਨੂੰ ਬਰਨਾਲਾ ਦੇ ਤਪਾ ਸ਼ਹਿਰ ਵਿਖੇ ਹਸਪਤਾਲ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਣ ਲਈ ਪਹੁੰਚੇ ਸਨ। ਇਸ ਦੌਰਾਨ ਕੇਂਦਰ ਸਰਕਾਰ ਵੱਲੋਂ ਜਿੰਮ ਅਤੇ ਯੋਗਾ ਕੇਂਦਰ ਖੋਲ੍ਹੇ ਜਾਣ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਅਜੇ ਜਿੰਮ ਖੋਲ੍ਹਣ ਦੀ ਕੋਈ ਇਜਾਜ਼ਤ ਨਹੀਂ ਹੈ, ਕਿਉਂਕਿ ਜਿੰਮ ਨਾਲ ਕੋਰੋਨਾ ਮਹਾਂਮਾਰੀ ਵਧਣ ਦਾ ਖ਼ਤਰਾ ਹੈ।
ਤੁਹਾਨੂੰ ਦੱਸ ਦਈਏ ਕਿ ਸੂਬਾ ਸਰਕਾਰ ਨੇ 5 ਅਗਸਤ ਤੋਂ ਜਿੰਮ ਅਤੇ ਯੋਗਾ ਕੇਂਦਰਾਂ ਨੂੰ ਖੋਲ੍ਹਣ ਦੀ ਮੰਨਜੂਰੀ ਦੇ ਦਿੱਤੀ ਹੈ, ਜੋ ਕਿ ਕੁਝ ਖ਼ਾਸ ਨਿਯਮਿਤ ਨਿਰਦੇਸ਼ਾਂ ਦੇ ਅਧੀਨ ਲਾਗੂ ਹੋਵੇਗਾ।
ਉਨ੍ਹਾਂ ਕਿਹਾ ਕਿ ਲੋਕ ਜਦੋਂ ਜਿੰਮ ਆਉਂਦੇ ਹਨ ਤਾਂ ਕਸਰਤ ਕਰਨ ਮੌਕੇ ਉਨ੍ਹਾਂ ਦਾ ਪਸੀਨਾ ਵਗੈਰਾ ਮਸ਼ੀਨਾਂ ਅਤੇ ਹੋਰ ਸੰਦਾਂ ਨੂੰ ਲੱਗ ਜਾਂਦਾ ਹੈ, ਜਿਸ ਨਾਲ ਕੋਰੋਨਾ ਫੈਲਣ ਦਾ ਖ਼ਤਰਾ ਵਧ ਜਾਂਦਾ ਹੈ।
ਇਸ ਤੋਂ ਇਲਾਵਾ ਸਿਹਤ ਮੰਤਰੀ ਸਿੱਧੂ ਨੇ ਪਲਾਜ਼ਮਾ ਦੇ ਮਾਮਲੇ 'ਤੇ ਆਮ ਆਦਮੀ ਪਾਰਟੀ ਵੱਲੋਂ ਕਰੈਡਿਟ ਲਾਏ ਜਾਣ 'ਤੇ ਕਿਹਾ ਕਿ ਉਹ ਕਿਸੇ ਵੀ ਵਿਵਾਦ ਵਿੱਚ ਨਹੀਂ ਪੈਣਾ ਚਾਹੁੰਦੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੈਸਲਾ ਲਿਆ ਹੈ ਕਿ ਕੋਰੋਨਾ ਦੇ ਹਰ ਮਰੀਜ਼ ਨੂੰ ਪਲਾਜ਼ਮਾ ਮੁਫ਼ਤ ਦਿੱਤਾ ਜਾਵੇਗਾ।
ਅੰਮ੍ਰਿਤਸਰ ਦੇ ਇੱਕ ਪਿੰਡ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਕਈ ਵਿਅਕਤੀਆਂ ਦੀ ਮੌਤ ਦੇ ਮਾਮਲੇ 'ਤੇ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਨਿਰਪੱਖ ਰੂਪ ਵਿੱਚ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।