ਬਰਨਾਲਾ : ਬਰਨਾਲਾ ਵਿਖੇ ਵੱਖ-ਵੱਖ ਬੇਰੁਜ਼ਗਾਰ ਜੱਥੇਬੰਦੀਆਂ ਵਲੋਂ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਕੋਠੀ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਵਿੱਚ ਪੰਜਾਬ ਵਿੱਚ ਵੱਖ-ਵੱਖ ਵਿਭਾਗਾਂ ਨਾਲ ਸਬੰਧ ਬੇਰੁਜ਼ਗਾਰ ਜੱਥੇਬੰਦੀਆਂ ਦੇ ਆਗੂ ਸ਼ਾਮਲ ਹੋਏ। ਪ੍ਰਦਰਸ਼ਨਕਾਰੀਆਂ ਨੇ ਮੰਤਰੀ ਮੀਤ ਹੇਅਰ ਉੱਤੇ ਇਲਜਾਮ ਲਾਇਆ ਕਿ ਉਹਨਾਂ ਦੀ ਜਲੰਧਰ ਪੋਲ ਖੋਲ੍ਹ ਰੈਲੀ 7 ਮਈ ਨੂੰ ਕੀਤੀ ਜਾਣੀ ਸੀ, ਜਿੱਥੇ ਮੰਤਰੀ ਮੀਤ ਹੇਅਰ ਨੇ ਸਮੂਹ ਜੱਥੇਬੰਦੀਆਂ ਤੋਂ ਮੰਗ ਪੱਤਰ ਲੈ ਕੇ ਮੰਗਾਂ ਸੁਣੀਆਂ ਸਨ ਅਤੇ ਜਲਦ ਮੁੱਖ ਮੰਤਰੀ ਪੰਜਾਬ ਨਾਲ ਪੈਨਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਸੀ। ਪਰ ਅਜੇ ਤੱਕ ਉਹਨਾਂ ਨੂੰ ਸੀਐਮ ਪੰਜਾਬ ਨਾਲ ਮੀਟਿੰਗ ਲਈ ਪੱਤਰ ਜਾਰੀ ਨਹੀਂ ਹੋਏ। ਇਸ ਕਰਕੇ ਮੰਤਰੀ ਮੀਤ ਹੇਅਰ ਨੂੰ ਜਲੰਧਰ ਵਿਖੇ ਮੁੱਖ ਮੰਤਰੀ ਨਾਲ ਮੀਟਿੰਗ ਸਬੰਧੀ ਕੀਤੇ ਵਾਅਦੇ ਬਾਰੇ ਪੁੱਛਣ ਆਏ ਹਨ। ਉਹਨਾਂ ਅਗਲਾ ਸੰਘਰਸ਼ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਕੋਠੀ ਅੱਗੇ ਕਰਨ ਦੀ ਚੇਤਾਵਨੀ ਵੀ ਦਿੱਤੀ।
ਡੀਸੀ ਦਫਤਰ ਤੱਕ ਰੋਸ ਮਾਰਚ : ਪ੍ਰਦਰਸ਼ਨਕਾਰੀਆਂ ਵਲੋਂ ਮੰਤਰੀ ਦੀ ਕੋਠੀ ਦੇ ਘਿਰਾਉ ਤੋਂ ਪਹਿਲਾਂ ਡੀਸੀ ਦਫ਼ਤਰ ਤੋਂ ਲੈ ਕੇ ਮੰਤਰੀ ਦੀ ਕੋਠੀ ਤੱਕ ਇੱਕ ਰੋਸ ਮਾਰਚ ਕੀਤਾ ਗਿਆ, ਮੰਤਰੀ ਦੀ ਕੋਠੀ ਦਾ ਘਿਰਾਉ ਨੂੰ ਦੇਖਦਿਆਂ ਵੱਡੀ ਗਿਣਤੀ ਵਿੱਚ ਪੁਲਿਸ ਫ਼ੋਰਸ ਮੌਕੇ ਤੇ ਤਾਇਨਾਤ ਰਹੀ। ਇਸ ਮੌਕੇ ਗੱਲਬਾਤ ਕਰਦਿਆਂ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪੰਜਾਬ ਦੀਆਂ ਵੱਖ ਵੱਖ ਬੇਰੁਜ਼ਗਾਰਾਂ ਦੀਆਂ ਜੱਥੇਬੰਦੀਆਂ ਵਲੋਂ ਅੱਜ ਦਾ ਪ੍ਰਦਰਸ਼ਨ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਕੋਠੀ ਅੱਗੇ ਬਰਨਾਲਾ ਵਿਖੇ ਕੀਤਾ ਜਾ ਰਿਹਾ ਹੈ। ਸਾਡੀਆਂ ਸਮੂਹ ਜੱਥੇਬੰਦੀਆਂ ਵਲੋਂ ਜਲੰਧਰ ਜਿਮਨੀ ਚੋਣ ਵਿੱਚ ਸਰਕਾਰ ਦੀ ਪੋਲ ਖੋਲ੍ਹ ਰੈਲੀ ਕੀਤੀ ਜਾਣੀ ਸੀ। ਪਰ ਇਸ ਰੈਲੀ ਤੋਂ ਪਹਿਲਾਂ ਜਲੰਧਰ ਦੇ ਪ੍ਰਸ਼ਾਸ਼ਨ ਵਲੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨਾਲ ਮੀਟਿੰਗ ਕਰਵਾਈ ਗਈ। ਕਈ ਦਿਨ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਜੱਥੇਬੰਦੀਆਂ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਸਬੰਧੀ ਕੋਈ ਪੱਤਰ ਨਹੀਂ ਦਿੱਤਾ ਗਿਆ। ਜਿਸ ਕਰਕੇ ਅੱਜ ਰੋਸ ਵਜੋਂ ਸਮੂਹ ਜੱਥੇਬੰਦੀਆਂ ਵਲੋਂ ਮੰਤਰੀ ਮੀਤ ਹੇਅਰ ਦੀ ਕੋਠੀ ਅੱਗੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਉਹ ਅੱਜ ਮੰਤਰੀ ਮੀਤ ਹੇਅਰ ਨੂੰ ਇਹੀ ਪੁੱਛਣ ਆਏ ਹਨ ਕਿ ਜਲੰਧਰ ਜਿਮਨੀ ਚੋਣ ਵਿਚ ਸਾਡੇ ਨਾਲ ਕੀਤਾ ਗਿਆ ਵਾਅਦਾ ਅਜੇ ਤੱਕ ਕਿਉਂ ਪੂਰਾ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਸਰਕਾਰ ਵਲੋਂ ਕੁੱਝ ਜੱਥੇਬੰਦੀਆਂ ਨੂੰ ਭਾਵੇਂ ਮੀਟਿੰਗ ਲਈ ਪੱਤਰ ਭੇਜ ਦਿੱਤਾ ਹੈ, ਜਦਕਿ ਸਾਡੀ ਮੰਗ ਹੈ ਕਿ ਸਮੂਹ ਜੱਥੇਬੰਦੀਆਂ ਨੂੰ ਮੀਟਿੰਗ ਦਾ ਪੱਤਰ ਜਾਰੀ ਕੀਤਾ ਜਾਵੇ। ਜਿਨਾਂ ਸਮਾਂ ਉਹਨਾਂ ਨੂੰ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਦਾ ਸਮਾਂ ਨਹੀਂ ਦਿੱਤਾ ਜਾਂਦਾ, ਉਨਾਂ ਸਮਾਂ ਉਹ ਇੱਥੋਂ ਜਾਣ ਵਾਲੇ ਨਹੀਂ ਹਨ। ਉਥੇ ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਉਹਨਾਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਵੀ ਕੋਈ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਤਾਂ ਉਹ ਆਪਣੇ ਸੰਘਰਸ਼ ਨੂੰ ਤੇਜ਼ ਅਤੇ ਤਿੱਖਾ ਕਰਨਗੇ।