ਬਰਨਾਲਾ: ਮਾਲਵੇ ਦੇ ਪਿੰਡਾਂ ਵਿੱਚ ਨਰਮੇ ਦੀ ਫ਼ਸਲ ਤੋਂ ਬਾਅਦ ਹੁਣ ਕਣਕ ਦੀ ਫ਼ਸਲ ਤੇ ਗੁਲਾਬੀ ਸੁੰਡੀ (Pink locust) ਨੇ ਹਮਲਾ ਕਰ ਦਿੱਤਾ ਹੈ। ਵੱਡੇ ਪੱਧਰ ਤੇ ਸੁੰਡੀ ਨਾਲ ਫ਼ਸਲ ਪ੍ਰਭਾਵਿਤ ਹੋ ਰਹੀ ਹੈ। ਬਰਨਾਲਾ ਜਿਲ੍ਹੇ ਦੇ ਪਿੰਡ ਚੀਮਾ ਵਿੱਚ 100 ਏਕੜ ਦੇ ਕਰੀਬ ਕਿਸਾਨਾਂ ਦੀ ਫ਼ਸਲ ਗੁਲਾਬੀ ਸੁੰਡੀ ਦੀ ਮਾਰ ਹੇਠਾਂ ਆਈ ਹੈ। ਸੁੰਡੀ ਦਾ ਹਮਲਾ ਪਰਾਲੀ ਵਿੱਚ ਬੀਜੀ ਫ਼ਸਲ ਵਿੱਚ ਹੀ ਦੇਖਣ ਨੂੰ ਮਿਲ ਰਿਹਾ ਹੈ।
10 ਏਕੜ ਕਣਕ ਦੀ ਫ਼ਸਲ ਤੇ ਗੁਲਾਬੀ ਸੁੰਡੀ ਨੇ ਹਮਲਾ
![ਪ੍ਰਭਾਵਿਤ ਹੋਈ ਫਸਲ ਦੇਖਦੇ ਹੋਏ ਕਿਸਾਨ](https://etvbharatimages.akamaized.net/etvbharat/prod-images/13924441_gdgh.jpg)
ਇਸ ਸਬੰਧੀ ਪ੍ਰਭਾਵਿਤ ਕਿਸਾਨ ਦਰਸ਼ਨ ਸਿੰਘ ਨੇ ਦੱਸਿਆ ਕਿ ਉਸਦੀ 10 ਏਕੜ ਕਣਕ ਦੀ ਫ਼ਸਲ ਤੇ ਗੁਲਾਬੀ ਸੁੰਡੀ ਨੇ ਹਮਲਾ ਕਰ ਦਿੱਤਾ ਹੈ। ਉਸਨੇ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਸਿੱਧੀ ਕਣਕ ਦੀ ਬਿਜਾਈ ਕੀਤੀ ਸੀ। ਫ਼ਸਲ ਨੂੰ ਪਾਣੀ ਲਗਾਉਣ ਤੋਂ ਬਾਅਦ ਕਣਕ ਸੁੱਕਣ ਲੱਗ ਗਈ ਅਤੇ ਜਦੋਂ ਫ਼ਸਲ ਨੂੰ ਜੜ੍ਹ ਤੋਂ ਪੁੱਟ ਕੇ ਦੇਖਿਆ ਤਾਂ ਇਸਦੀ ਜੜ੍ਹ ਵਿੱਚ ਗੁਲਾਬੀ ਸੁੰਡੀ ਨਜ਼ਰ ਆਈ। ਇਸ ਉਪਰੰਤ ਪੂਰੇ ਖੇਤ ਵਿੱਚ ਹੀ ਇਹ ਸੁੰਡੀ ਦੀ ਮਾਰ ਪਈ ਹੈ।
ਸਪਰੇਅ ਦਾ ਕੋਈ ਵੀ ਕੋਈ ਅਸਰ ਨਹੀਂ ਹੋਇਆ ਅਤੇ ਸੁੰਡੀ ਖ਼ਤਮ ਨਹੀਂ ਹੋਈ
ਕਿਸਾਨ ਗੁਰਤੇਜ ਸਿੰਘ ਨੇ ਦੱਸਿਆ ਕਿ ਉਸਨੇ ਗੁਲਾਬੀ ਸੁੰਡੀ ਦੀ ਮਾਰ ਹੇਠ ਆਈ ਫ਼ਸਲ ਤੇ ਸਪਰੇਅ ਵਗੈਰਾ ਵੀ ਕੀਤੀ ਹੈ, ਪਰ ਸਪਰੇਅ ਦਾ ਕੋਈ ਅਸਰ ਨਹੀਂ ਹੋਇਆ ਅਤੇ ਸੁੰਡੀ ਖ਼ਤਮ ਨਹੀਂ ਹੋਈ।
ਉਹਨਾਂ ਦੱਸਿਆ ਕਿ ਪਿੰਡ ਚੀਮਾ ਤੋਂ ਪੱਤੀ ਰੋਡ ਦੇ ਕਰੀਬ 100 ਏਕੜ ਕਣਕ ਦੀ ਫ਼ਸਲ ਵਿੱਚ ਇਹ ਸੁੰਡੀ ਦਾ ਹਮਲਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਹੋਰਨਾਂ ਪਾਸਿਆਂ ਵਿੱਚ ਵੀ ਇਹ ਮਾਰ ਹੋਣ ਦੀ ਸੰਭਾਵਨਾ ਹੈ।
ਗੁਲਾਬੀ ਸੁੰਡੀ ਨੇ ਕਿਸਾਨਾਂ ਨੂੰ ਪਾਇਆ ਵਖ਼ਤ
![ਗੁਲਾਬੀ ਸੁੰਡੀ ਦਿਖਾਉਂਦੇ ਹੋਏ ਕਿਸਾਨ](https://etvbharatimages.akamaized.net/etvbharat/prod-images/13924441_jh.jpg)
ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਬਲਾਕ ਆਗੂ ਬਲਵਿੰਦਰ ਸਿੰਘ ਨੰਬਰਦਾਰ ਅਤੇ ਰਾਜਿੰਦਰ ਸਿੰਘ ਭੰਗੂ ਨੇ ਕਿਹਾ ਕਿ ਕਿਸਾਨਾਂ ਨੇ ਪਹਿਲਾਂ ਮਹਿੰਗੇ ਭਾਅ ਦਾ ਮਸ਼ੀਨਰੀ ਲੈ ਕੇ ਸਰਕਾਰੀ ਹਦਾਇਤਾਂ ਅਨੁਸਾਰ ਮਹਿੰਗੀ ਮਸ਼ੀਨਰੀ ਲੈ ਕੇ ਕਣਕ ਦੀ ਸਿੱਧੀ ਬਿਜਾਈ ਕੀਤੀ, ਪਰ ਹੁਣ ਪਰਾਲੀ ਵਾਲੇ ਖੇਤ ਵਿੱਚ ਗੁਲਾਬੀ ਸੁੰਡੀ ਨੇ ਕਿਸਾਨਾਂ ਨੂੰ ਵਖ਼ਤ ਪਾ ਦਿੱਤਾ ਹੈ।
![ਗੁਲਾਬੀ ਸੁੰਡੀ ਦਿਖਾਉਂਦੇ ਹੋਏ ਕਿਸਾਨ](https://etvbharatimages.akamaized.net/etvbharat/prod-images/13924441_jyghj.jpg)
ਜ਼ਿਆਦਾਤਰ ਕਿਸਾਨ ਠੇਕੇ ਤੇ ਜ਼ਮੀਨ ਲੈ ਕੇ ਕਰ ਰਹੇ ਹਨ ਖੇਤੀ
ਇਨ੍ਹਾਂ ਪੀੜਤ ਕਿਸਾਨਾਂ ਵਿੱਚੋਂ ਜ਼ਿਆਦਾਤਰ ਕਿਸਾਨ ਠੇਕੇ ਤੇ ਜ਼ਮੀਨ ਲੈ ਕੇ ਖੇਤੀ ਕਰ ਰਹੇ ਹਨ। ਹੁਣ ਤੱਕ ਕਣਕ ਦੇ ਬੀਜ ਤੇ ਡੀਏਪੀ ਤੇ ਵਾਹ-ਵਹਾਈ ਦਾ ਵੀ ਹਜ਼ਾਰਾਂ ਦਾ ਖ਼ਰਚ ਆ ਚੁੱਕਾ ਹੈ ਅਤੇ ਸੁੰਡੀ ਕਾਰਨ ਫ਼ਸਲ ਨੂੰ ਵਾਹੁਣ ਦੀਨੌਬਤ ਆ ਚੁੱਕੀ ਹੈ। ਸਰਕਾਰ ਤੇ ਖੇਤੀਬਾੜੀ ਵਿਭਾਗ ਜਲਦ ਇਸ ਮਸਲੇ 'ਤੇ ਧਿਆਨ ਦੇ ਕੇ ਹੱਲ ਲੱਭੇ ਅਤੇ ਕਿਸਾਨਾਂ ਦੀ ਖ਼ਰਾਬ ਫ਼ਸਲ ਲਈ ਉਚਿਤ ਮੁਆਵਜ਼ੇ ਦਾ ਐਲਾਨ ਕਰੇ ਨਹੀਂ ਤਾਂ ਉਹ ਜੱਥੇਬੰਦੀ ਵੱਲੋਂ ਸੰਘਰਸ਼ ਸ਼ੁਰੂ ਕਰਨਗੇ।
ਇਹ ਵੀ ਪੜ੍ਹੋ: Punjab Cabinet Meeting: ਗੁਲਾਬੀ ਸੁੰਡੀ ਕਾਰਨ ਖ਼ਰਾਬ ਹੋਈ ਫ਼ਸਲ ਲਈ 17000 ਹਜ਼ਾਰ ਦਿੱਤਾ ਜਾਵੇਗਾ ਮੁਆਵਜ਼ਾ