ਬਰਨਾਲਾ: ਭਦੌੜ ਨਗਰ ਕੌਂਸਲ ਅਧੀਨ ਕੰਮ ਕਰਨ ਵਾਲੇ ਸਫ਼ਾਈ ਮੁਲਾਜ਼ਮਾਂ ਦੀ ਹੜਤਾਲ ਅੱਜ 7ਵੇਂ ਦਿਨ ਵੀ ਜਾਰੀ ਰਹੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਫ਼ਾਈ ਕਰਮਚਾਰੀਆਂ ਦੇ ਪ੍ਰਧਾਨ ਰਾਜਮੋਹਨ ਅਤੇ ਡਰਾਇਵਰ ਜਸਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਹਰ ਸਾਲ ਤਕਰੀਬਨ ਤਿੰਨ ਚਾਰ ਮਹੀਨਿਆਂ ਬਾਅਦ ਤਿੰਨ-ਤਿੰਨ ਮਹੀਨਿਆਂ ਦੀਆਂ ਤਨਖਾਹਾਂ ਹੜਤਾਲਾਂ ਕਰਕੇ ਲੈਣੀਆਂ ਪੈ ਰਹੀਆਂ ਹਨ ਅਤੇ ਹੁਣ ਵੀ ਉਨ੍ਹਾਂ ਨੂੰ ਤਿੰਨ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਜਿਸ ਕਾਰਨ ਉਨ੍ਹਾਂ ਚੁੱਲ੍ਹੇ ਵੀ ਹੁਣ ਤਾਂ ਠੰਡੇ ਹੋ ਚੁੱਕੇ ਹਨ ਪਰ ਨਗਰ ਕੌਂਸਲ ਅਧਿਕਾਰੀ ਤਨਖਾਹਾਂ ਦੇ ਮਾਮਲੇ ਵਿਚ ਟੱਸ ਤੋਂ ਮੱਸ ਨਹੀਂ ਹੋ ਰਹੇ।
ਨਹੀਂ ਮਿਲੀ ਤਨਖਾਹ: ਉਨ੍ਹਾਂ ਕਿਹਾ ਕਿ ਬੇਸ਼ੱਕ ਸਰਕਾਰਾਂ ਵੱਲੋਂ ਹਰ ਸਰਕਾਰੀ ਅਦਾਰੇ ਵਿਚ ਇਹ ਕਾਨੂੰਨ ਬਣਾਇਆ ਗਿਆ ਹੈ ਕਿ ਸਭ ਤੋਂ ਪਹਿਲਾਂ ਸਫਾਈ ਮੁਲਾਜ਼ਮ ਅਤੇ ਚਪੜਾਸੀ ਨੂੰ ਤਨਖਾਹ ਦੇਣੀ ਜ਼ਰੂਰੀ ਹੈ ਅਤੇ ਬਾਅਦ ਵਿੱਚ ਉੱਚ ਸਰਕਾਰੀ ਅਧਿਕਾਰੀ ਤਨਖਾਹਾਂ ਲੈ ਸਕਦੇ ਹਨ, ਪ੍ਰੰਤੂ ਇੱਥੇ ਸਭ ਕੁਝ ਉਲਟ ਹੋ ਰਿਹਾ ਹੈ। ਉਨ੍ਹਾਂ ਕਿਹਾ ਉੱਚੇ ਅਹੁਦਿਆਂ ਉੱਤੇ ਬੈਠੇ ਅਧਿਕਾਰੀ ਸਭ ਤੋਂ ਪਹਿਲਾਂ ਤਨਖ਼ਾਹਾਂ ਲੈ ਰਹੇ ਹਨ ਪ੍ਰੰਤੂ ਪੂਰੇ ਸ਼ਹਿਰ ਦੀ ਸਫ਼ਾਈ ਕਰਨ ਵਾਲੇ ਅਤੇ ਨਾਲੀਆਂ ਵਿੱਚ ਹੱਥ ਮਾਰਨ ਵਾਲੇ ਆਪਣੇ ਪਰਿਵਾਰ ਨੂੰ ਦੋ ਸਮੇਂ ਦੀ ਰੋਟੀ ਖਵਾਉਣ ਲਈ ਦੁਕਾਨਦਾਰਾਂ ਤੋਂ ਰਾਸ਼ਨ ਲੈਣ ਲਈ ਤਰਲੇ ਮਾਰਦੇ ਫਿਰ ਰਹੇ ਹਨ।
ਵੱਖ ਵੱਖ ਮੰਗਾਂ: ਉਨ੍ਹਾਂ ਕਿਹਾ ਕਿ ਨਗਰ ਕੌਂਸਲ ਭਦੌੜ ਵਿਚ ਕੁਲ 36 ਸਫ਼ਾਈ ਮੁਲਾਜ਼ਮ ਕੰਮ ਕਰ ਰਹੇ ਹਨ ਜਿਨ੍ਹਾਂ ਵਿਚ 22 ਕੱਚੇ ਸਫ਼ਾਈ ਕਰਮਚਾਰੀ ਅਤੇ 14 ਪੱਕੇ ਸਫਾਈ ਕਰਮਚਾਰੀ ਹਨ ਅਤੇ ਸਰਕਾਰ ਵੱਲੋਂ 22 ਵਿੱਚੋਂ 21 ਸਫ਼ਾਈ ਕਰਮਚਾਰੀਆਂ ਨੂੰ ਪੱਕੇ ਕੀਤਾ ਗਿਆ ਹੈ, ਪਰ ਉਨ੍ਹਾਂ ਨੂੰ ਰੈਗੂਲਰ ਕਰਨ ਲਈ ਨਗਰ ਕੌਂਸਲ ਦੇ ਕਿਸੇ ਵੀ ਅਧਿਕਾਰੀ ਵੱਲੋਂ ਉਨ੍ਹਾਂ ਨਾਲ ਬੈਠ ਕੇ ਮੀਟਿੰਗ ਨਹੀਂ ਕੀਤੀ ਜਾ ਰਹੀ ਹੈ ਅਤੇ ਪਿਛਲੇ ਲੰਬੇ ਸਮੇਂ ਤੋਂ ਉਨ੍ਹਾਂ ਦੀਆਂ ਤਨਖਾਹਾਂ ਵਿੱਚੋਂ ਕੱਟਿਆ ਗਿਆ ਪੀ ਐੱਫ ਉਨ੍ਹਾਂ ਦੇ ਖਾਤਿਆਂ ਵਿੱਚ ਜਮ੍ਹਾਂ ਨਹੀਂ ਕੀਤਾ ਜਾ ਰਿਹਾ।
2011 ਤੋਂ ਉਹਨਾਂ ਨੂੰ ਸਰਕਾਰ ਵੱਲੋ ਮਿਲਦੀਆਂ ਵਰਦੀਆਂ ਵੀ ਨਹੀਂ ਦਿੱਤੀਆਂ ਜਾ ਰਹੀਆਂ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਸਾਰੀਆਂ ਮੰਗਾਂ ਦੇ ਸਬੰਧ ਵਿਚ ਉਨ੍ਹਾਂ ਵੱਲੋਂ ਨਗਰ ਕੌਂਸਲ ਦੇ ਅਧਿਕਾਰੀਆਂ ਸਮੇਤ ਉੱਚ ਅਧਿਕਾਰੀਆਂ ਤੱਕ ਪਹੁੰਚ ਕਰ ਮੰਗ ਪੱਤਰ ਵੀ ਦਿੱਤੇ ਜਾ ਚੁੱਕੇ ਹਨ ਪਰ ਅਜੇ ਤੱਕ ਕਿਸੇ ਵੀ ਅਧਿਕਾਰੀ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਉੱਕਾ ਹੀ ਧਿਆਨ ਨਹੀਂ ਦਿੱਤਾ।
ਇਹ ਵੀ ਪੜ੍ਹੋ: BKU Dakonda: ਬੀਕੇਯੂ ਡਕੌਂਦਾ 'ਚੋਂ ਕੱਢੇ ਜਾਣ ਤੋਂ ਬਾਅਦ ਭੜਕੇ ਮਨਜੀਤ ਸਿੰਘ ਧਨੇਰ, ਕਿਹਾ- ਬੁਰਜ ਗਿੱਲ ਨੇ ਕੀਤਾ ਧੋਖਾ
ਉਨ੍ਹਾਂ ਕਿਹਾ ਪਹਿਲਾਂ ਵੀ ਕਈ ਵਾਰ ਉਨ੍ਹਾਂ ਦੀ ਜਦੋਂ 3-4 ਮਹੀਨਿਆਂ ਦੀ ਤਨਖਾਹ ਨਹੀਂ ਦਿੱਤੀ ਜਾਂਦੀ ਸੀ ਤਾਂ ਉਨ੍ਹਾ ਵੱਲੋਂ ਇਨ੍ਹਾਂ ਸਾਰੀਆਂ ਮੰਗਾਂ ਨੂੰ ਲੈ ਕੇ ਹੜਤਾਲ ਵੀ ਕੀਤੀ ਗਈ ਪਰ ਨਗਰ ਕੌਂਸਲ ਵੱਲੋਂ ਉਨ੍ਹਾਂ ਦੀਆਂ ਸਿਰਫ ਤਨਖਾਹਾਂ ਦੇ ਕੇ ਬਾਕੀ ਮੰਗਾਂ ਜਲਦ ਮੰਨਣ ਦਾ ਭਰੋਸਾ ਦੇ ਕੇ ਹੜਤਾਲ ਖਤਮ ਕਰਵਾ ਦਿੱਤੀ ਜਾਂਦੀ ਰਹੀ ਹੈ। ਉਨ੍ਹਾਂ ਕਿਹਾ ਲੰਬਾ ਸਮਾਂ ਬੀਤਣ ਦੇ ਬਾਵਜੂਦ ਵੀ ਉਹਨਾਂ ਦੀਆਂ ਬਾਕੀ ਮੰਗਾਂ ਅੱਜ ਤੱਕ ਵੀ ਜਿਉਂ ਦੀਆਂ ਤਿਉਂ ਪੈਂਡਿੰਗ ਪਈਆਂ ਹਨ। ਉਨ੍ਹਾਂ ਕਿਹਾ ਕਿ ਹੁਣ ਉਹ ਪਿਛਲੇ ਸੱਤ ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਫਾਈ ਦਾ ਕੰਮ ਬੰਦ ਕਰ ਕੇ ਹੜਤਾਲ ਉੱਤੇ ਹਨ ਅਤੇ ਉਦੋਂ ਤੱਕ ਉਹ ਹੜਤਾਲ ਖਤਮ ਕਰਕੇ ਕੰਮ ਉੱਤੇ ਨਹੀਂ ਜਾਣਗੇ ਜਦੋਂ ਤਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ।