ਬਰਨਾਲਾ: ਪੰਜਾਬ ਰਾਜ ਫਾਰਮੇਸੀ ਅਫਸਰਜ਼ ਐਸੋਸੀਏਸ਼ਨ ਨੇ ਡਿਊਟੀ ਖ਼ਤਮ ਕਰਨ ਤੋਂ ਬਾਅਦ ਸਿਵਲ ਸਰਜਨ ਦਫ਼ਤਰ ਦਾ ਘਿਰਾਓ ਕੀਤਾ। ਇਸ ਬਾਰੇ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਿਹਤ ਵਿਭਾਗ ਐਮਰਜੈਂਸੀ ਤੇ VIP ਡਿਊਟੀਆਂ 'ਤੇ ਬਿਨਾਂ ਡਾਕਟਰ ਤੋਂ ਤਾਇਨਾਤ ਕਰਦਾ ਹੈ, ਜਿਸ ਕਾਰਨ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਦੇ ਪਰਿਵਾਰਕ ਮੈਂਬਰ ਉਨ੍ਹਾਂ ਨਾਲ ਬਦਸਲੂਕੀ ਕਰਦੇ ਹਨ।
ਇਸ ਬਾਰੇ ਸਿਵਲ ਸਰਜਨ ਨੂੰ ਕਈ ਵਾਰ ਲਿਖਿਆ ਜਾ ਚੁੱਕਿਆ ਹੈ, ਪਰ ਸਿਵਲ ਸਰਜਨ ਨੇ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਕੋਈ ਕਦਮ ਨਹੀਂ ਚੁੱਕਿਆ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਰਾਤ ਨੂੰ ਐਮਰਜੈਂਸੀ ਵਾਰਡ ਵਿਚ ਡਿਊਟੀ ਦੌਰਾਨ ਡਾਕਟਰ ਨਾ ਹੋਣ ਕਾਰਨ ਉਹ ਮਰੀਜ਼ਾਂ ਨੂੰ ਵੇਖਦੇ ਹਨ ਜਿਸ ਕਰਕੇ ਮਰੀਜ਼ਾਂ ਨੂੰ ਰੈਫ਼ਰ ਕਰਨਾ ਪੈਂਦਾ ਹੈ ਤੇ ਮਰੀਜ਼ਾ ਦੇ ਪਰਿਵਾਰ ਵਾਲੇ ਉਨ੍ਹਾਂ ਨਾਲ ਬਦਸਲੂਕੀ ਕਰਦੇ ਹਨ।
ਧਨੌਲਾ ਦੇ ਇਕ ਸਰਕਾਰੀ ਹਸਪਤਾਲ ਵਿਚ ਤਾਇਨਾਤ ਇਕ ਮਹਿਲਾ ਫਾਰਮਾਸਿਸਟ ਅਨੁਪਮ ਨੇ ਦੱਸਿਆ ਕਿ ਉਸਦੀ ਰਾਤ ਸਰਕਾਰੀ ਹਸਪਤਾਲ ਧਨੌਲਾ ਵਿਚ ਐਮਰਜੈਂਸੀ ਵਾਰਡ ਵਿੱਚ ਸੀ। ਦੇਰ ਰਾਤ ਇੱਕ ਮਰੀਜ਼ ਨੂੰ ਲੈ ਕੇ ਉਸਦੇ ਪਰਿਵਾਰਕ ਮੈਂਬਰ ਆਏ, ਪਰ ਹਸਪਤਾਲ ਵਿਚ ਡਾਕਟਰ ਨਾ ਹੋਣ ਕਾਰਨ ਉਸਨੇ ਮਰੀਜ਼ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਲਿਜਾਣ ਲਈ ਕਹਿ ਦਿੱਤਾ। ਇਸ ਦੇ ਚੱਲਦਿਆਂ ਮਰੀਜ਼ ਦੇ ਪਰਿਵਾਰ ਵਾਲੇ ਗੁੱਸੇ ਵਿੱਚ ਉਨ੍ਹਾਂ ਨੂੰ ਮਾੜਾ-ਚੰਗਾ ਬੋਲਣ ਲੱਗ ਗਏ।
ਇਸ ਦੇ ਮੱਦੇਨਜ਼ਰ ਉਨ੍ਹਾਂ ਨੇ ਧਰਨਾ ਦਿੱਤਾ ਤੇ ਫਾਰਮਾਸਿਸਟਾਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਉਹ ਸੰਘਰਸ਼ ਹੋਰ ਤੇਜ਼ ਕਰਨਗੇ। ਉੱਥੇ ਹੀ ਬਰਨਾਲਾ ਦੇ ਸਿਵਲ ਸਰਜਨ ਡਾ.ਜੁਗਲ ਕਿਸ਼ੋਰ ਨੇ ਕਿਹਾ ਕਿ ਉਨ੍ਹਾਂ ਨੇ ਸਿਹਤ ਵਿਭਾਗ ਨੂੰ ਡਾਕਟਰਾਂ ਦੀ ਘਾਟ ਬਾਰੇ ਲਿਖ ਕੇ ਭੇਜਿਆ ਹੈ ਅਤੇ ਫਾਰਮਾਸਿਸਟਾਂ ਦਾ ਕੰਮ ਹਸਪਤਾਲ ਵਿੱਚ ਮਰੀਜ਼ ਨੂੰ ਮੁੱਢਲੀ ਸਹਾਇਤਾ ਦੇਣਾ ਹੈ, ਜੋ ਉਹ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਫਾਰਮਾਸਿਸਟਾਂ ਦੀਆਂ ਮੰਗਾਂ ਮੰਨੀਆਂ ਜਾ ਰਹੀਆਂ ਹਨ।