ਬਰਨਾਲਾ: ਪੰਜਾਬ ਵਿੱਚ ਵਿਧਾਨ ਸਭਾ ਚੋਣਾਂ (Punjab Assembly Elections 2022 ) ਦਾ ਸਿਆਸੀ ਪਾਰਾ ਸਿਖ਼ਰਾਂ 'ਤੇ ਹੈ। ਉਥੇ ਕਾਂਗਰਸ ਪਾਰਟੀ ਵੱਲੋਂ ਦਿੱਤੀਆਂ ਗਈਆਂ ਟਿਕਟਾਂ ਨੂੰ ਲੈ ਕੇ ਸਮੁੱਚੇ ਪੰਜਾਬ ਵਿੱਚ ਘਮਾਸਾਣ ਚੱਲ ਰਿਹਾ ਹੈ।
ਜਿਸਦਾ ਅਸਰ ਹੁਣ ਬਰਨਾਲਾ ਜਿਲ੍ਹੇ ਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਵਿੱਚ ਵੀ ਦੇਖਣ ਨੂੰ ਮਿਲਿਆ ਹੈ। ਜਿੱਥੇ ਬੀਤੇ ਦਿਨ੍ਹੀਂ ਕਾਂਗਰਸ ਪਾਰਟੀ ਵੱਲੋਂ ਸਾਬਕਾ ਵਿਧਾਇਕਾ ਅਤੇ ਹਲਕਾ ਇੰਚਾਰਜ ਬੀਬੀ ਹਰਚੰਦ ਕੌਰ (Bibi Harchand Kaur) ਘਨੌਰੀ ਨੂੰ ਉਮੀਦਵਾਰ ਐਲਾਨਿਆ ਗਿਆ ਹੈ।
ਜਿਸਦਾ ਹਲਕੇ ਵਿਚਲੇ ਕਾਂਗਰਸੀ ਸਰਪੰਚਾਂ, ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਵਿਰੋਧ ਸ਼ੁਰੂ ਕਰ ਦਿੱਤਾ ਹੈ। ਜਿਸ ਸਬੰਧੀ ਮਹਿਲ ਕਲਾਂ ਵਿਖੇ ਕਾਂਗਰਸੀ ਉਮੀਦਵਾਰ ਬੀਬੀ ਹਰਚੰਦ ਕੌਰ ਅਤੇ ਚੋਣਾਂ ਸਬੰਧੀ ਸਰਵੇ ਕਰਨ ਆਏ ਆਬਜ਼ਰਵਰਾਂ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਕਾਂਗਰਸ ਹਾਈਕਮਾਂਡ ਤੋਂ ਮੰਗ ਕੀਤੀ ਕਿ ਹਲਕਾ ਮਹਿਲ ਕਲਾਂ ਤੋਂ ਉਮੀਦਵਾਰ ਬਦਲਿਆ ਜਾਵੇ।
ਹਾਈਕਮਾਂਡ ਤੋਂ ਟਿਕਟ ਬਦਲਣ ਦੀ ਮੰਗ ਕਰਨ ਵਾਲਿਆ ‘ਚ ਮਾਰਕੀਟ ਕਮੇਟੀ ਮਹਿਲ ਕਲਾਂ ਦੇ ਚੇਅਰਮੈਨ ਰੋਸ਼ਨ ਲਾਲ ਬਾਂਸਲ, ਕਾਂਗਰਸ ਦੇ ਬਲਾਕ ਪ੍ਰਧਾਨ ਤੇਜਪਾਲ ਸੱਦੋਵਾਲ, ਸਾਬਕਾ ਬਲਾਕ ਪ੍ਰਧਾਨ ਨਿਰਭੈ ਸਿੰਘ ਛੀਨੀਵਾਲ, ਸਰਪੰਚ ਰਣਜੀਤ ਸਿੰਘ ਕਲਾਲਾ, ਜਿਲ੍ਹਾ ਪ੍ਰੀਸ਼ਦ ਮੈਂਬਰ ਅਮਰਜੀਤ ਸਿੰਘ ਮਹਿਲ ਕਲਾਂ, ਬਲਾਕ ਸੰਮਤੀ ਮੈਂਬਰ ਹਰਪ੍ਰੀਤ ਸਿੰਘ ਮੂੰਮ, ਯੂਥ ਆਗੂ ਤੇ ਟਿਕਟ ਦੇ ਦਾਅਵੇਦਾਰ ਬੰਨੀ ਖੈਰਾ ਆਦਿ ਹਾਜ਼ਰ ਸਨ।
ਬਹੁਜਨ ਸਮਾਜ ਪਾਰਟੀ ਦੇ ਸਾਬਕਾ ਆਗੂ ਤੇ ਹੋਪ ਫਾਰ ਮਹਿਲ ਕਲਾਂ ਦੇ ਇੰਚਾਰਜ਼ ਕੁਲਵੰਤ ਟਿੱਬਾ ਪਿਛਲੇ ਦਿਨ੍ਹੀਂ ਨਵਜੋਤ ਸਿੰਘ ਸਿੱਧੂ ਦੀ ਹਾਜ਼ਰੀ ‘ਚ ਕਾਂਗਰਸ ਵਿੱਚ ਸ਼ਾਮਲ ਹੋਏ ਸਨ ਤੇ ਟਿਕਟ ਦੇ ਦਾਅਵੇਦਾਰ ਸਨ ਤੇ ਉਹਨਾਂ ਨੇ ਵੀ ਹਾਈਕਮਾਂਡ ਨਾਲ ਨਰਾਜ਼ਗੀ ਜਾਹਿਰ ਕੀਤੀ। ਇਸ ਮੌਕੇ ਹੋਈ ਇਕੱਤਰਤਾ ‘ਚ ਸਮੂਹ ਕਾਂਗਰਸੀ ਆਗੂਆਂ/ਵਰਕਰਾਂ ਨੇ ਮੰਗ ਕੀਤੀ ਕਿ ਮਹਿਲ ਕਲਾਂ ਤੋਂ ਟਿਕਟ ਬਦਲੀ ਜਾਵੇ।
ਇਹ ਵੀ ਪੜ੍ਹੋ: ਭਗਵੰਤ ਮਾਨ ਡੱਮੀ ਚਿਹਰਾ, ਪੰਜਾਬ ਦੀ ਸਰਕਾਰ ਬਾਹਰੀ ਚਲਾਉਣਗੇ: ਸੁਖਪਾਲ ਖਹਿਰਾ