ਬਰਨਾਲਾ: ਲੋਕ ਸਭਾ ਹਲਕਾ ਸੰਗਰੂਰ ਦੀ ਜਿਮਨੀ ਚੋਣ ਦੇ ਪ੍ਰਚਾਰ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਵਿਰੁੱਧ ਟਿੱਪਣੀਆਂ ਕੀਤੀਆਂ ਗਈਆਂ ਸਨ। ਜਿਸਦਾ ਕੇਵਲ ਸਿੰਘ ਢਿੱਲੋਂ ਵੱਲੋਂ ਮੋੜਵਾਂ ਸਖ਼ਤ ਲਹਿਜੇ 'ਚ ਜਵਾਬ ਦਿੱਤਾ ਗਿਆ ਹੈ। ਕੇਵਲ ਸਿੰਘ ਢਿੱਲੋਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਘਟੀਆ ਰਾਜਨੀਤੀ 'ਤੇ ਉਤਰ ਆਏ ਹਨ। ਉਨ੍ਹਾਂ ਵੱਲੋਂ ਕੀਤੀਆਂ ਟਿੱਪਣੀਆਂ ਬੇਹੱਦ ਨਿੰਦਣਯੋਗ ਹਨ।
ਉਨ੍ਹਾਂ ਕਿਹਾ ਕਿ ਮੈਂ ਸੰਗਰੂਰ ਵਾਸੀਆਂ ਲਈ ਏਅਰਪੋਰਟ ਲਿਆਉਣਾ ਚਾਹੁੰਦਾ ਹਾਂ, ਪਰ ਭਗਵੰਤ ਮਾਨ ਏਅਰਪੋਰਟ ਦਾ ਵਿਰੋਧ ਕਰ ਰਿਹਾ ਹੈ। ਉਹਨਾਂ ਕਿਹਾ ਕਿ ਭਗਵੰਤ ਮਾਨ ਲੋਕਾਂ ਨੂੰ ਬੱਸਾਂ ਦੇ ਜੋਗੇ ਵੀ ਨਹੀਂ ਕਹਿ ਕੇ ਸੰਗਰੂਰ ਵਾਸੀਆਂ ਦੀ ਬੇਇਜ਼ਤੀ ਕਰ ਰਹੇ ਹਨ। ਇਹ ਉਹੀ ਲੋਕ ਹਨ ਜਿਹਨਾਂ ਨੇ ਭਗਵੰਤ ਮਾਨ ਨੂੰ ਅਰਸ਼ 'ਤੇ ਚੜਾਇਆ ਸੀ ਅਤੇ ਹੁਣ ਭਗਵੰਤ ਮਾਨ ਨੂੰ ਫ਼ਰਸ 'ਤੇ ਵੀ ਜਲਦ ਲਾਹੁਣਗੇ।
ਮੁੱਖ ਮੰਤਰੀ ਵੱਲੋਂ ਕੇਵਲ ਢਿੱਲੋਂ ਦੀ ਜੈਕਟ ਸਬੰਧੀ ਟਿੱਪਣੀ ਕੀਤੀ ਸੀ ਉਸ 'ਤੇ ਉਹਨਾਂ ਕਿਹਾ ਕਿ ਕੇਵਲ ਸਿੰਘ ਢਿੱਲੋਂ ਪਹਿਲਾਂ ਵਾਲਾ ਹੀ ਹੈ। ਜਦਕਿ ਭਗਵੰਤ ਮਾਨ ਬਦਲ ਗਿਆ ਹੈ। ਲੋਕਾਂ ਨੂੰ ਮਿਲਣ ਤੋਂ ਇਨਕਾਰੀ ਹੋ ਗਿਆ ਹੈ। ਭਗਵੰਤ ਮਾਨ ਵੱਲੋਂ ਡਰੱਗੀ ਸਮੱਗਲਰ ਆਖੇ ਜਾਣ 'ਤੇ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਮੇਰੇ ਕੋਲ ਬਿਲਕੁਲ ਸਪੇਨ ਵਿੱਚ ਦੋ ਕੋਠੀਆਂ ਹਨ ਅਤੇ ਹੱਕ ਦੀ ਕਮਾਈ ਦੀਆਂ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸਪੇਨ, ਕੈਨੇਡਾ, ਆਸਟਰੇਲੀਆ ਅਤੇ ਅਮਰੀਕਾ ਜਾਂਦੇ ਹਨ। ਕੀ ਇਹ ਸਾਰੇ ਡਰੱਗੀ ਸਮੱਗਲਰ ਹਨ। ਭਗਵੰਤ ਮਾਨ ਬੌਖਲਾਹਟ ਵਿੱਚ ਆ ਕੇ ਘਟੀਆ ਬਿਆਨਬਾਜ਼ੀ ਕਰ ਰਿਹਾ ਹੈ। ਕੇਵਲ ਢਿੱਲੋਂ ਨੇ ਕਿਹਾ ਕਿ ਮੈਂ ਭਗਵੰਤ ਮਾਨ 'ਤੇ ਮਾਨਹਾਨੀ ਦਾ ਕੇਸ ਦਰਜ਼ ਕਰਾਂਗਾ। ਕੇਜਰੀਵਾਲ ਵਾਂਗ ਭਗਵੰਤ ਮਾਨ ਜਨਤਕ ਮੁਆਫ਼ੀ ਲਈ ਤਿਆਰ ਰਹੇ।
ਇਹ ਵੀ ਪੜ੍ਹੋ:- ਮਾਈਨਿੰਗ ਵਿਭਾਗ ਵਲੋਂ ਸ਼ਿਕੰਜਾ: ਪੁਲਿਸ ਨੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੂੰ ਹਿਰਾਸਤ 'ਚ ਲਿਆ