ਬਰਨਾਲਾ: ਸ਼ਹਿਰ ਵਿੱਚ ਇੱਕ ਵਿਆਹੁਤਾ ਔਰਤ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੇ ਪੇਕੇ ਪਰਿਵਾਰ ਨੇ ਧੀ ਦੀ ਮੌਤ ਲਈ ਸਹੁਰਾ ਪਰਿਵਾਰ 'ਤੇ ਦਾਜ ਲਈ ਕਤਲ ਕੀਤੇ ਜਾਣ ਦੇ ਦੋਸ਼ ਲਗਾਏ ਗਏ ਹਨ। ਪੁਲਿਸ ਨੇ ਮੌਕੇ 'ਤੇ ਪੁੱਜ ਜਾਂਚ ਆਰੰਭ ਦਿੱਤੀ ਹੈ ਅਤੇ ਲਾਸ਼ ਕਬਜ਼ੇ ਵਿੱਚ ਲੈ ਕੇ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ।
ਜਾਣਕਾਰੀ ਦਿੰਦਿਆਂ ਮ੍ਰਿਤਕਾ ਸਿਮਰਜੀਤ ਕੌਰ ਦੀ ਮਾਤਾ ਮਨਜੀਤ ਕੌਰ ਅਤੇ ਪਿਤਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਕੁੜੀ ਦਾ ਵਿਆਹ 6 ਸਾਲ ਪਹਿਲਾਂ ਬਰਨਾਲਾ ਨਿਵਾਸੀ ਵਿੱਕੀ ਨਾਲ ਹੋਇਆ ਸੀ। ਉਸ ਦੀ ਇੱਕ ਲੜਕਾ ਅਤੇ ਲੜਕੀ ਹੈ। ਉਸ ਦੀ ਲੜਕੀ ਨੂੰ ਵਿਆਹ ਸਮੇਂ ਤੋਂ ਹੀ ਸਹੁਰਾ ਪਰਿਵਾਰ ਦਾਜ਼ ਲਈ ਤੰਗ ਕਰਦਾ ਆ ਰਿਹਾ ਸੀ। ਉਨ੍ਹਾਂ ਵਲੋਂ ਆਪਣੀ ਗੁੰਜ਼ਾਇਸ ਅਨੁਸਾਰ ਦਾਜ਼ ਸਹੁਰਿਆਂ ਨੂੰ ਦਿੱਤਾ ਵੀ ਜਾਂਦਾ ਰਿਹਾ ਤਾਂ ਕਿ ਲੜਕੀ ਦਾ ਘਰ ਵਸਿਆ ਰਹੇ। ਬੀਤੀ ਸ਼ਾਮ ਉਨ੍ਹਾਂ ਨੂੰ ਲੜਕੀ ਦੇ ਸਹੁਰਿਆਂ ਦਾ ਫ਼ੋਨ ਆਇਆ ਕਿ ਸਿਮਰਜੀਤ ਕੌਰ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਹੈ ਅਤੇ ਉਸ ਦੀ ਮੌਤ ਹੋ ਗਈ ਹੈ।
ਉਨ੍ਹਾਂ ਨੇ ਸਹੁਰਾ ਪਰਿਵਾਰ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਧੀ ਨੇ ਆਤਮ-ਹੱਤਿਆ ਨਹੀਂ ਕੀਤੀ, ਬਲਕਿ ਉਸ ਦਾ ਕਤਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਵਾਈ ਦੇ ਕਿਸੇ ਹੋਰ ਔਰਤ ਨਾਲ ਨਾਜਾਇਜ਼ ਸਬੰਧ ਸਨ, ਜਿਸ ਦੇ ਕਾਰਨ ਵਿੱਕੀ ਤੇ ਸਿਮਰਜੀਤ ਕੌਰ ਵਿਚਕਾਰ ਹਰ ਰੋਜ਼ ਉਸ ਦੀ ਲੜਕੀ ਨਾਲ ਲੜਾਈ-ਝਗੜਾ ਹੁੰਦਾ ਸੀ ਅਤੇ ਹੁਣ ਸਹੁਰੇ ਪਰਿਵਾਰ ਨੇ ਮਿਲ ਕੇ ਉਨ੍ਹਾਂ ਦੀ ਕੁੜੀ ਨੂੰ ਮਾਰ ਦਿੱਤਾ ਹੈ।
ਸਿਮਰਜੀਤ ਕੌਰ ਦੇ ਮਾਤਾ-ਪਿਤਾ ਨੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਕੋਲੋਂ ਲੜਕੀ ਦੇ ਪਤੀ, ਸੱਸ, ਸਹੁਰੇ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਇਨਸਾਫ਼ ਦੇਣ ਦੀ ਮੰਗ ਕੀਤੀ ਹੈ।
ਉਧਰ, ਇਸ ਸਬੰਧੀ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਿਟੀ-2 ਬਰਨਾਲਾ ਦੇ ਐਸਐਚਓ ਗੁਰਮੇਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਔਰਤ ਵੱਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰਨ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਉਹ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਲਿਆਏ ਹਨ। ਉਨ੍ਹਾਂ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਕਾਰਵਾਈ ਕੀਤੀ ਜਾ ਰਹੀ ਅਤੇ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਪਤਾ ਚੱਲ ਸਕੇਗਾ ਕਿ ਮਾਮਲਾ ਕੀ ਹੈ।