ਬਰਨਾਲਾ: ਗੁਰਦੁਆਰਾ ਬਾਬਾ ਗਾਂਧਾ ਸਿੰਘ ਵਿਖੇ ਇੰਟਰਨੈਸ਼ਨਲ ਪੰਥਕ ਦਲ ਦੀ ਜ਼ਿਲ੍ਹਾ ਪੱਧਰੀ ਪਲੇਠੀ ਮੀਟਿੰਗ ਹੋਈ। ਇਹ ਮੀਟਿੰਗ ਜ਼ਿਲ੍ਹਾ ਪ੍ਰਧਾਨ ਭਾਈ ਅੰਮ੍ਰਿਤਪਾਲ ਸਿੰਘ ਜੋਧਪੁਰੀ ਦੀ ਅਗਵਾਈ ਹੇਠਾਂ ਹੋਈ। ਇਸ ਵਿੱਚ ਸੂਬਾ ਪ੍ਰਧਾਨ ਲਖਵਿੰਦਰ ਸਿੰਘ ਤੇ ਧਾਰਮਿਕ ਵਿੰਗ ਦੇ ਸੂਬਾ ਪ੍ਰਧਾਨ ਸਤਿਨਾਮ ਸਿੰਘ ਬੱਲੀਆਂ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਦੇ ਨਾਲ ਹੀ ਵੱਡੀ ਗਿਣਤੀ ਵਿੱਚ ਨੌਜਵਾਨ ਤੇ ਪੰਥਕ ਆਗੂ ਇੰਟਰਨੈਸ਼ਨਲ ਪੰਥਕ ਦਲ ਵਿੱਚ ਸ਼ਾਮਲ ਹੋਏ, ਜਿਨ੍ਹਾਂ ਨੂੰ ਸੂਬੇ ਦੇ ਆਗੂਆਂ ਵੱਲੋਂ ਸਿਰੋਪਾਓ ਦੇ ਕੇ ਜੱਥੇਬੰਦੀ ’ਚ ਸ਼ਾਮਲ ਕੀਤਾ ਗਿਆ।
ਇਸ ਸਮੇਂ ਪੰਜਾਬ ਪ੍ਰਧਾਨ ਲਖਵਿੰਦਰ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਪਾਲ ਸਿੰਘ ਜੋਧਪੁਰੀ ਨੇ ਕਿਹਾ ਕਿ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਖ਼ਾਲਸਾ ਦੀ ਅਗਵਾਈ ਵਿੱਚ ਜਥੇਬੰਦੀ ਦਾ ਵਿਸਥਾਰ ਕੀਤਾ ਜਾ ਰਿਹਾ ਹੈ। ਜਥੇਬੰਦੀ ਦਾ ਮੁੱਖ ਮਕਸਦ ਸਿੱਖ ਕੌਮ ਦੇ ਪੰਥਕ ਮਾਮਲਿਆਂ ਨੂੰ ਚੁੱਕਣਾ ਅਤੇ ਸੂਬੇ ਵਿੱਚੋਂ ਕਿਸਾਨੀ ਅਤੇ ਜਵਾਨੀ ਨੂੰ ਬਚਾਉਣਾ ਹੈ। ਇਸ ਤਰ੍ਹਾਂ ਨੌਜਵਾਨ ਨਸ਼ਿਆਂ ’ਚ ਗਲਤਾਨ ਹੋ ਰਹੇ ਹਨ। ਉਨ੍ਹਾਂ ਦਾ ਨਸ਼ਿਆਂ ਤੋਂ ਛੁਟਕਾਰਾ ਦਿਵਾ ਕੇ ਪੰਥ ਦੇ ਵਿਹੜੇ ’ਚ ਵਾਪਸੀ ਕਰਵਾਉਣੀ ਹੈ।
ਨੌਜਵਾਨ ਆਪਣੇ ਅਮੀਰ ਸਿੱਖ ਇਤਿਹਾਸ ਤੋਂ ਦੂਰ ਹੋ ਚੁੱਕੇ ਹਨ ਜਿਸ ਕਰਕੇ ਉਹਨਾਂ ਨੂੰ ਇਤਿਹਾਸ ਨਾਲ ਜੋੜ ਕੇ ਨਸ਼ਿਆਂ ਤੋਂ ਦੂਰ ਕੀਤਾ ਜਾਵੇਗਾ। ਇਸ ਦੇ ਨਾਲ ਹੀ ਕਰਜ਼ੇ ਦੀ ਭੇਂਟ ਚੜ੍ਹ ਰਹੀ ਕਿਸਾਨੀ ਨੂੰ ਖ਼ੁਦਕੁਸ਼ੀਆਂ ਕਰਨ ਦੀ ਥਾਂ ਸੰਘਰਸ਼ ਦੇ ਰਾਹ ਤੋਰਨਾ ਹੈ। ਇਸ ਤੋਂ ਇਲਾਵਾ ਸਿੱਖ ਪੰਥ ’ਤੇ ਹਮਲਾ ਕਰਨ ਵਾਲੇ ਪੰਥ ਦੋਖੀਆਂ ਨੂੰ ਮੂੰਹ ਤੋੜਵਾਂ ਜਵਾਬ ਵੀ ਜਥੇਬੰਦੀ ਅੱਗੇ ਹੋ ਕੇ ਦੇਵੇਗੀ। ਉਨ੍ਹਾਂ ਅੱਗੇ ਕਿਹਾ ਕਿ ਬਰਨਾਲਾ ਦੀ ਇਕਾਈ ਪੂਰੀ ਕਾਇਮ ਕਰ ਦਿੱਤੀ ਹੈ। ਇਸ ਤੋਂ ਬਾਅਦ ਹੁਣ ਪਿੰਡਾਂ ਵਿੱਚ ਇਕਾਈ ਬਨਾਉਣ ਲਈ ਜ਼ਿਲ੍ਹਾ ਪ੍ਰਧਾਨ ਭਾਈ ਅੰਮ੍ਰਿਤਪਾਲ ਸਿੰਘ ਜੋਧਪੁਰੀ ਦੀ ਡਿਊਟੀ ਲਗਾ ਦਿੱਤੀ ਗਈ ਹੈ।