ਬਰਨਾਲਾ: ਇਥੋਂ ਦੇ ਤਪਾ ਮੰਡੀ ਸ਼ਹਿਰ ਵਿਖੇ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਅਧੂਰੀ ਪਈ ਸੜਕ ਕਾਰਨ ਰੋਹ ਵਿੱਚ ਆਏ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕਰਕੇ ਨਗਰ ਕੌਂਸਲ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਧਰਨਾ ਦਿੱਤਾ। ਇਸ ਧਰਨੇ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਧਰਨਾ ਸਥਾਨ ’ਤੇ ਪਹੁੰਚੇ ਨਗਰ ਕੌਂਸਲ ਅਧਿਕਾਰੀ ਨਾਲ ਵੀ ਪ੍ਰਦਰਸ਼ਨਕਾਰੀਆਂ ਦੀ ਕਾਫ਼ੀ ਤਕਰਾਰ ਹੋਈ।
ਨਗਰ ਕੌਂਸਲ ਵਿਰੁੱਧ ਰੋਸ ਪ੍ਰਗਟ ਕਰਦਿਆਂ ਦੁਕਾਨਦਾਰ ਸੱਤਪਾਲ ਗੋਇਲ ਅਤੇ ਸਾਬਕਾ ਕੌਂਸਲਰ ਗੁਰਮੀਤ ਸਿੰਘ ਨੇ ਕਿਹਾ ਕਿ ਤਪਾ ਦੀ ਨਗਰ ਕੌਂਸਲ ਵੱਲੋਂ ਸ਼ਹਿਰ ਦੀ ਰੂਪ ਚੰਦ ਮਾਰਗ ਵਾਲੀ ਸੜਕ ਦਾ ਕੰਮ ਮਾਰਚ ਦੇ ਮਹੀਨੇ ’ਚ ਸ਼ੁਰੂ ਕੀਤਾ ਗਿਆ ਸੀ ਪਰ ਸਬੰਧਤ ਠੇਕੇਦਾਰ ਨੇ ਇਸ ਸੜਕ ਨੂੰ ਅੱਧਾ ਬਨਾਉਣ ਉਪਰੰਤ ਬਾਕੀ ਕੰਮ ਅਧੂਰਾ ਹੀ ਛੱਡ ਦਿੱਤਾ। ਇਸ ਸਬੰਧੀ ਨਗਰ ਕੌਂਸ਼ਲ ਦੇ ਅਧਿਕਾਰੀਆਂ ਨੂੰ ਕਈ ਵਾਰ ਰਾਬਤਾ ਕਾਇਮ ਕਰ ਚੁੱਕੇ ਹਨ, ਪਰ ਉਨ੍ਹਾਂ ਦੀ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ। ਇਸ ਕਾਰਨ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰਕੇ ਨਗਰ ਕੌਂਸਲ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਧਰਨਾ ਲਗਾਇਆ।
ਦੁਕਾਨਦਾਰਾਂ ਨੇ ਇਹ ਵੀ ਕਿਹਾ ਕਿ ਇਸ ਸੜਕ ’ਤੇ ਵਿਕਾਸ ਕਾਰਜਾਂ ਦੇ ਤਿੰਨ ਨੀਂਹ ਪੱਥਰ ਰੱਖੇ ਗਏ ਹਨ, ਪਰ ਵਿਕਾਸ ਇੱਕ ਪੈਸੇ ਦਾ ਵੀ ਨਹੀਂ ਹੋਇਆ ਹੈ। ਇਸ ਕਾਰਜ ਲਈ ਆਈ ਗ੍ਰਾਂਟ ਦੀ ਵੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨਗਰ ਕੌਂਸਲ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਸ ਸੜਕ ਦਾ ਨਿਰਮਾਣ ਜਲਦ ਤੋਂ ਜਲਦ ਸ਼ੁਰੂ ਨਾ ਕਰਵਾਇਆ ਗਿਆ ਤਾਂ ਉਹ ਅਣਮਿੱਥੇ ਸਮੇਂ ਲਈ ਧਰਨਾ ਲਗਾਉਣ ਲਈ ਮਜ਼ਬੂਰ ਹੋਣਗੇ, ਜਿਸ ਦੀ ਜ਼ਿੰਮੇਵਾਰੀ ਨਗਰ ਕੌਂਸ਼ਲ ਦੀ ਹੋਵੇਗੀ।
ਉਧਰ ਇਸ ਸਬੰਧੀ ਨਗਰ ਕੌਂਸਲ ਤਪਾ ਦੇ ਈਓ ਅਸ਼ੀਸ਼ ਕੁਮਾਰ ਨੇ ਕਿਹਾ ਕਿ ਦੁਕਾਨਦਾਰਾਂ ਦੇ ਇਸ ਮਾਸਲੇ ਨੂੰ ਜਲਦ ਹੀ ਹੱਲ ਕਰਵਾ ਦੇਣਗੇ।