ਬਰਨਾਲਾ: ਪੰਜਾਬ ਸਰਕਾਰ ਭਾਵੇਂ ਖੁੱਦ ਆਮ ਆਦਮੀ ਦੀ ਸਰਕਾਰ ਦੱਸਦਿਆਂ ਕਿਸਾਨ ਹਿਤੈਸ਼ੀ ਹੋਣ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਪਰ ਸਰਕਾਰ ਦੇ ਦਾਅਵਿਆਂ ਦੀ ਅਸਲੀਅਤ ਨੂੰ ਜੱਗ ਜ਼ਾਹਿਰ ਕਰਦਾ ਮਾਮਲਾ ਸਾਹਮਣੇ ਆਇਆ ਹੈ ਬਰਨਾਲਾ ਜ਼ਿਲ੍ਹੇ ਦੇ ਪਿੰਡ ਜੋਧਪੁਰ ਤੋਂ, ਦਰਅਸਲ ਦੋਹਰੇ ਖ਼ੁਦਕੁਸ਼ੀ ਪੀੜਤ ਪਰਿਵਾਰ ਦੇ ਬੁਰੇ ਦਿਨ ਖਹਿੜਾ ਛੱਡਣ ਦਾ ਨਾਮ ਨਹੀਂ ਲੈ ਰਹੇ। ਪਿਛਲੇ ਦਿਨੀਂ ਕਰਜ਼ੇ ਦੀ ਮਾਰ ਹੇਠ ਆਏ ਪਰਿਵਾਰ ਦਾ ਇਕ ਹੋਰ ਜੀਅ ਜਹਾਨੋਂ ਤੁਰ ਗਿਆ। ਇੱਕੋ ਪਰਿਵਾਰ ਦੇ ਚਾਰ ਜੀਆਂਂ ਦੀ ਕਰਜ਼ੇ ਕਾਰਨ ਚਾਰ ਮੌਤ ਹੋ ਚੁੱਕੀ ਹੈ। ਪਰਿਵਾਰ ਦੇ ਵਿਹੜੇ ਵਿੱਚ ਇਸ ਵੇਲੇ ਚੌਥੇ ਜੀਅ ਦੀ ਮੌਤ ਦਾ ਸੱਥਰ ਵਿਛਿਆ ਹੋਇਆ ਹੈ ਅਤੇ ਪਰਿਵਾਰ ਦੇ ਇੱਕਲੌਤੇ ਕਮਾਈ ਦੇ ਸਾਧਨ ਰਣਜੀਤ ਸਿੰਘ ਦੀ ਕਰਜ਼ੇ ਦੀ ਟੈਨਸ਼ਨ ਅਤੇ ਠੰਢ ਕਾਰਨ ਮੌਤ ਹੋ ਗਈ ਹੈ।
ਕਰਜ਼ੇ ਨੇ ਲਈਆਂ ਜਾਨਾਂ: ਇਸ ਤੋਂ ਪਹਿਲਾਂ ਅਪ੍ਰੈਲ 2016 ਵਿੱਚ ਆੜਤੀਏ ਦੇ ਕਰਜ਼ੇ ਤੋਂ ਤੰਗ ਆ ਕੇ ਬਲਜੀਤ ਸਿੰਘ ਬੱਲੂ ਅਤੇ ਉਸਦੀ ਮਾਂ ਬਲਵੀਰ ਕੌਰ ਨੇ ਸਪਰੇਅ ਪੀ ਕੇ ਖ਼ੁਦਕੁਸ਼ੀ ਕਰ ਲਈ ਸੀ। ਇਸ ਤੋਂ ਕੁੱਝ ਸਮਾਂ ਪਹਿਲਾਂ ਪਰਿਵਾਰ ਦਾ ਮੁਖੀ ਦਰਸ਼ਨ ਸਿੰਘ ਵੀ ਕਰਜ਼ੇ ਦੀ ਪਰੇਸ਼ਾਨੀ ਵਿੱਚ ਆਪਣੀ ਜੀਵਨਲੀਲਾ ਸਮਾਪਤ ਕਰ ਗਿਆ । ਦੱਸ ਦਈਏ ਪਰਿਵਾਰ ਵਿੱਚ ਇਸ ਵੇਲੇ ਦੋ ਜੁਆਨ ਬੱਚੇ ਅਤੇ ਮ੍ਰਿਤਕ ਰਣਜੀਤ ਦੀ ਪਤਨੀ ਬਚੀ ਹੈ।
ਪਰਿਵਾਰ ਦੀ ਹਾਲਤ ਖ਼ਸਤਾ: ਸਥਾਨਕਵਾਸੀਆਂ ਮੁਤਾਬਿਕ ਮਾਂ ਪੁੱਤ ਦੀ ਖੁਦਕੁਸ਼ੀ ਦੇ 7 ਸਾਲ ਬੀਤਣ ਦੇ ਬਾਅਦ ਵੀ ਪਰਿਵਾਰ ਦੀ ਹਾਲਤ ਪਹਿਲਾਂ ਵਾਲੀ ਹੀ ਹੈ। ਉਨ੍ਹਾਂ ਕਿਹਾ ਘਰ ਦੀਆਂ ਛੱਤਾਂ ਉੱਤੇ ਨੀਂਹਾਂ ਵਿੱਚ ਮੀਂਹ ਦਾ ਪਾਣੀ ਪੈਣ ਕਾਰਨ ਘਰ ਡਿੱਗ ਚੁੱਕਿਆ ਹੈ ਅਤੇ ਚਾਰ ਦੀਵਾਰੀ ਵੀ ਢਹਿ ਗਈ। ਬੱਚੀ ਦੇ ਦਾਜ ਲਈ ਜੋੜਿਆ ਥੋੜਾ ਬਹੁਤਾ ਸਮਾਨ ਪੇਟੀ ਵਿੱਚ ਪਏ ਮੀਂਹ ਦੇ ਪਾਣੀ ਦੀ ਭੇਂਟ ਚੜ੍ਹ ਗਿਆ। ਉਨ੍ਹਾਂ ਅੱਗੇ ਕਿਹਾ ਕਿ ਪਸ਼ੂਆਂ ਦੇ ਰਹਿਣ ਅਤੇ ਨੀਰੇ ਵਾਲਾ ਬਰਾਂਡਾ ਵੀ ਟੁੱਟ ਚੁੱਕਿਆ ਹੈ। ਇਸ ਤੋਂ ਇਲਾਵਾ ਮ੍ਰਿਤਕ ਰਣਜੀਤ ਦੀ ਅੰਤਿਮ ਅਰਦਾਸ ਲਈ ਸ੍ਰੀ ਸਹਿਜ ਪਾਠ ਦੇ ਪ੍ਰਕਾਸ਼ ਵੀ ਗੁਰੂ ਘਰ ਹੀ ਕਰਵਾਉਣੇ ਪਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜ਼ਮੀਨ ਵਿੱਚ ਖੜ੍ਹੇ ਸਫ਼ੈਦੇ ਦੇ ਦਰੱਖਤ ਵੇਚ ਕੇ ਦੋ ਕਮਰੇ ਖੜ੍ਹੇ ਕੀਤੇ ਹਨ, ਜੋ ਦਰਵਾਜ਼ਿਆਂ ਤੋਂ ਵੀ ਸੱਖਣੇ ਹਨ। ਮਿਸਤਰੀਆਂ ਅਤੇ ਮਜ਼ਦੂਰਾਂ ਨੇ ਵੀ ਪਰਿਵਾਰ ਤੋਂ ਕੋਈ ਦਿਹਾੜੀ ਨਹੀਂ ਲਈ। ਸਿਰਫ਼ ਇੱਕ ਕਮਰਾ ਰਹਿਣ ਜੋਗਾ ਬਚਿਆ, ਜਿਸ ਦੇ ਬਾਲੇ ਟੁੱਟ ਚੁੱਕ ਹਨ ਅਤੇ ਛੱਤ ਡਿੱਗਣ ਕਿਨਾਰੇ ਹਨ।
ਹੋਣਹਾਰ ਧੀ ਤੋਂ ਉਮੀਦ: ਘਰ ਦੇ ਦਿਨ ਸੁਧਰਨ ਦੀ ਆਸ ਮ੍ਰਿਤਕ ਦੀ 11ਵੀਂ ਕਲਾਸ ਵਿੱਚ ਪੜ੍ਹਦੀ ਲੜਕੀ ਜਸਪ੍ਰੀਤ ਤੋਂ ਹੀ ਹੈ। ਇਸ ਬੱਚੀ ਦੀ ਪੜ੍ਹਾਈ ਦਾ ਖ਼ਰਚ ਕਰਨ ਦੀ ਜਿੰਮੇਵਾਰੀ ਉਸ ਵੇਲੇ ਐਮਪੀ ਹੁੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਲਈ ਸੀ, ਜੋ ਸਿਰਫ਼ ਇੱਕ ਸਾਲ ਹੀ ਚੱਲੀ। ਜਦਕਿ ਉਸ ਤੋਂ ਬਾਅਦ ਲਗਾਤਾਰ ਪੰਜ ਸਾਲਾਂ ਤੋਂ ਸਮਾਜ ਸੇਵੀ ਦਵਿੰਦਰ ਸਿੰਘ ਬੀਹਲਾ ਲੜਕੀ ਦੀ ਪੜ੍ਹਾਈ ਦਾ ਸਾਲਾਨਾ 15 ਹਜ਼ਾਰ ਖ਼ਰਚਾ ਕਰ ਰਹੇ ਹਨ।
ਇਹ ਵੀ ਪੜ੍ਹੋ: ਆਮ ਆਦਮੀ ਕਲੀਨਿਕ ਦੀਆਂ ਕੁਰਸੀਆਂ ਨੂੰ ਇੱਟਾਂ ਦਾ ਸਹਾਰਾ, ਪੰਜਾਬ ਸਰਕਾਰ ਦੇ ਸਿਹਤ ਮਾਡਲ ਦੀ ਦੇਖੋ ਸੱਚਾਈ
ਸਰਕਾਰ ਨੂੰ ਅਪੀਲ: ਸਥਾਨਕਵਾਸੀਆਂ ਦਾ ਕਹਿਣਾ ਹੈ ਕਿ 6 ਸਾਲਾਂ ਦੌਰਾਨ ਕੋਈ ਵੀ ਸਰਕਾਰ ਪਰਿਵਾਰ ਦਾ ਪ੍ਰਾਈਵੇਟ ਅਤੇ ਸਰਕਾਰੀ ਕਰਜ਼ਾ ਮੁਆਫ਼ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਸੁਸਾਇਟੀ ਦੇ 45 ਹਜ਼ਾਰ ਰੁਪਏ ਦੇ ਕਰਜ਼ਾ ਦਾ ਡਿਫ਼ਾਲਟਰ ਹੋ ਚੁੱਕਿਆ ਹੈ। ਪਿਛਲੇ ਸਾਲ ਜ਼ਮੀਨ ਦੀ ਕੁਰਕੀ ਪਰਿਵਾਰ ਨੇ ਸੁਸਾਇਟੀ ਵਿੱਚ ਕੁੱਝ ਰਾਸ਼ੀ ਜਮ੍ਹਾਂ ਕਰਵਾ ਕੇ ਬਚਾਈ ਹੈ। ਸਥਾਨਕਵਾਸੀਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਪਰਿਵਾਰ ਦੀ ਆਰਥਿਕ ਪੱਖ ਤੋਂ ਬਾਂਹ ਫ਼ੜੇ, ਉੱਥੇ ਉਨ੍ਹਾਂ ਸਮਾਜ ਸੇਵੀ ਲੋਕਾਂ ਨੂੰ ਵੀ ਪਰਿਵਾਰ ਨੂੰ ਮੱਦਦ ਦੀ ਅਪੀਲ ਕੀਤੀ। ਜਦਕਿ ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਬੱਚੀ ਜਸਪ੍ਰੀਤ ਦੀ ਉਚੇਰੀ ਪੜ੍ਹਾਈ ਕਰਵਾਉਣ ਦੇ ਨਾਲ ਨਾਲ ਕੋਈ ਸਰਕਾਰੀ ਨੌਕਰੀ ਦਾ ਪ੍ਰਬੰਧ ਜ਼ਰੂਰ ਕੀਤਾ ਜਾਵੇ।