ਬਰਨਾਲਾ: ਵਿਦੇਸ਼ ਜਾਣ ਦੇ ਚੱਕਰ ਵਿੱਚ ਬਰਨਾਲਾ ਜ਼ਿਲ੍ਹੇ ਦੇ ਪਿੰਡ ਰੂੜੇਕੇ ਕਲਾਂ ਦਾ ਨੌਜਵਾਨ ਚਮਕੌਰ ਸਿੰਘ 25 ਲੱਖ ਦੀ ਠੱਗੀ ਦਾ ਸ਼ਿਕਾਰ ਹੋਇਆ ਹੈ। ਚਮਕੌਰ ਸਿੰਘ ਨੇ ਵਿਦੇਸ਼ ਜਾਣ ਲਈ ਇੱਕ ਕੁੜੀ ਨਾਲ ਸਾਰਾ ਖ਼ਰਚਾ ਚੁੱਕ ਕੇ ਵਿਆਹ ਕਰਵਾ ਕੇ ਉਸਦੀ ਪੜਾਈ ਦਾ ਖ਼ਰਚ ਚੁੱਕਿਆ ਅਤੇ ਉਸ ਨੂੰ ਆਈਲੈਟਸ ਕਰਵਾਈ, ਜਿਸ ਤੋਂ ਬਾਅਦ ਉਸ ਨੇ ਆਪਣੀ ਪਤਨੀ ਨੂੰ ਵਿਦੇਸ਼ ਪੜਾਈ ਲਈ ਫ਼ੀਸ ਵੀ ਜਮਾ ਕਰਵਾਈ, ਪਰ ਵੀਜ਼ਾ ਰਿਫਿਊਜ਼ ਹੋਣ ਤੋਂ ਬਾਅਦ ਚਮਕੌਰ ਦੀ ਪਤਨੀ ਉਸ ਨੂੰ ਛੱਡ ਕੇ ਰਫ਼ੂ-ਚੱਕਰ ਹੋ ਗਈ।
ਚਮਕੌਰ ਦੇ ਬਿਆਨ 'ਤੇ ਉਸ ਦੀ ਪਤਨੀ ਸਮੇਤ ਸਹੁਰਾ ਪਰਿਵਾਰ ਦੇ 4 ਲੋਕਾਂ ’ਤੇ ਪੁਲਿਸ ਨੇ ਠੱਗੀ ਮਾਰਨ ਦਾ ਮਾਮਲਾ ਦਰਜ਼ ਕੀਤਾ ਹੈ ਅਤੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪੀੜਤ ਨੌਜਵਾਨ ਨੇ ਦੱਸਿਆ ਕਿ ਉਹ ਵਿਦੇਸ਼ ਜਾਣ ਦੀ ਇੱਛਾ ਰੱਖਦਾ ਸੀ। ਇਸ ਲਈ ਉਸ ਨੇ ਇੱਕ ਗਰੀਬ ਪਰਿਵਾਰ ਦੀ ਕੁੜੀ ਨਾਲ ਵਿਆਹ ਕਰਵਾਇਆ, ਜਿਸ ਨੂੰ ਉਸ ਨੇ ਆਈਲੈਟਸ ਕਰਵਾਈ ਅਤੇ ਵਿਆਹ ’ਤੇ ਵੀ ਸਾਰਾ ਖ਼ਰਚ ਖ਼ੁਦ ਚੁੱਕਿਆ। ਵਿਦੇਸ਼ ਵਿੱਚ ਪੜਾਈ ਕਰਵਾਉਣ ਲਈ ਉਸ ਦੇ ਖਾਤੇ ਵਿੱਚ 13 ਲੱਖ ਰੁਪਏ ਜਮਾਂ ਵੀ ਕਰਵਾਏ ਪਰ ਕਿਸੇ ਕਾਰਨ ਵੀਜ਼ਾ ਰਿਫ਼ਊਜ਼ ਹੋ ਗਿਆ, ਜਿਸ ਤੋਂ ਬਾਅਦ ਉਸ ਦੀ ਪਤਨੀ ਨੇ ਸਾਰਾ ਪੈਸਾ ਆਪਣੇ ਖਾਤੇ ਵਿੱਚੋਂ ਕਢਵਾ ਲਿਆ। ਘਰ ਦੇ ਗਹਿਣੇ ਅਤੇ ਹੋਰ ਜ਼ਰੂਰੀ ਕਾਗਜ਼, ਚਮਕੌਰ ਦਾ ਪਾਸਪੋਰਟ, ਉਸਦੇ ਸਾਈਨ ਕੀਤੇ ਹੋਏ ਖਾਲੀ ਚੈਕ ਲੈ ਕੇ ਆਪਣੀ ਮਾਂ ਨਾਲ ਫ਼ਰਾਰ ਹੋ ਗਈ।
ਚਮਕੌਰ ਦੀ ਮਾਂ ਨੇ ਦੁਖੀ ਮਨ ਨਾਲ ਦੱਸਿਆ ਕਿ ਉਸ ਨੇ ਇੱਕ ਗਰੀਬ ਪਰਿਵਾਰ ਦੀ ਕੁੜੀ ਨਾਲ ਇਹ ਦੇਖ ਕੇ ਆਪਣੇ ਪੁੱਤ ਦਾ ਵਿਆਹ ਕਰਵਾਇਆ ਸੀ ਤਾਂ ਕਿ ਉਨ੍ਹਾਂ ਦਾ ਮੁੰਡਾ ਵਿਦੇਸ਼ ਜਾ ਸਕੇ ਪਰ ਇਸ ਤਰੀਕੇ ਦੀ ਠੱਗੀ ਦਾ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ। ਉਨ੍ਹਾਂ ਦੱਸਿਆ ਕਿ ਕਰੀਬ 20 ਤੋਂ 25 ਲੱਖ ਰੁਪਏ ਦਾ ਉਨ੍ਹਾਂ ਦਾ ਨੁਕਸਾਨ ਹੋ ਗਿਆ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਮੁਲਜ਼ਮਾਂ ’ਤੇ ਸਖ਼ਤ ਕਾਰਵਾਈ ਕਰਕੇ ਉਨ੍ਹਾਂ ਨੂੰ ਕਾਬੂ ਕਰਕੇ ਉਨ੍ਹਾਂ ਨਾਲ ਹੋਈ ਠੱਗੀ ਦੇ ਪੈਸੇ ਵਾਪਸ ਕਰਵਾਏ ਜਾਣੇ।
ਇਹ ਵੀ ਪੜੋ: ਬਿਜਲੀ ਵਿਭਾਗ ਨੇ ਪੁਲਿਸ ਥਾਣੇ ਦੀ ਬਿਜਲੀ ਕੱਟ ਲਿਆ ਬਦਲਾ!
ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਡੀਐਸਪੀ ਬਲਜੀਤ ਸਿੰਘ ਬਰਾੜ ਨੇ ਦੱਸਿਆ ਕਿ ਚਮਕੌਰ ਸਿੰਘ ਦੇ ਬਿਆਨ ਦੇ ਆਧਾਰ ’ਤੇ 4 ਲੋਕਾਂ ਵਿਰੁੱਧ ਪਰਚਾ ਦਰਜ ਕੀਤਾ ਗਿਆ ਹੈ ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ।