ਬਰਨਾਲਾ: ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲਗਾਤਾਰ ਪੰਜਾਬ ਦੇ ਕਿਸਾਨ ਸੰਘਰਸ਼ ਕਰ ਰਹੇ ਹਨ। ਇਸ ਸੰਘਰਸ਼ ਤਹਿਤ ਜਿੱਥੇ ਕਿਸਾਨਾਂ ਵੱਲੋਂ ਰੇਲਵੇ ਟਰੈਕ ਅਤੇ ਕਾਰਪੋਰੇਟ ਘਰਾਣਿਆਂ ਦੇ ਅਦਾਰਿਆਂ ਅੱਗੇ ਪੱਕੇ ਮੋਰਚੇ ਲਗਾਏ ਗਏ ਹਨ, ਉੱਥੇ ਹੀ ਭਾਜਪਾ ਨਾਲ ਸਬੰਧਤ ਲੀਡਰਾਂ ਦੇ ਘਰਾਂ ਦਾ ਘਿਰਾਓ ਵੀ ਕੀਤਾ ਜਾ ਰਿਹਾ ਹੈ। ਉੱਥੇ ਹੀ ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਬਰਨਾਲਾ ਦੇ ਭਾਜਪਾ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸੈਂਟੀ ਦੇ ਘਰ ਦਾ ਘਿਰਾਓ ਕੀਤਾ।
ਕਿਸਾਨ ਆਗੂਆਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਉਨ੍ਹਾਂ ਦਾ ਸੰਘਰਸ਼ ਲਗਾਤਾਰ ਤਿੱਖਾ ਹੁੰਦਾ ਜਾ ਰਿਹਾ ਹੈ। ਇਸ ਸੰਘਰਸ਼ ਤਹਿਤ ਜਿੱਥੇ ਕਿਸਾਨ ਜਥੇਬੰਦੀਆਂ ਦਾ ਰੇਲਵੇ ਲਾਈਨਾਂ 'ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਮੋਰਚੇ ਚੱਲ ਰਹੇ ਹਨ। ਉੱਥੇ ਹੀ ਕਿਸਾਨ ਹੁਣ ਭਾਜਪਾ ਲੀਡਰਾਂ ਦੇ ਘਰ ਦਾ ਘਿਰਾਓ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੇ ਪੰਜਾਬ ਨਾਲ ਸਬੰਧਿਤ ਲੀਡਰ ਅਜਿਹੇ ਹਨ ਜੋ ਕਿ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਦੇ ਹੱਕ ਵਿੱਚ ਦੱਸ ਰਹੇ ਹਨ। ਜਦੋਂ ਕਿ ਇਹ ਕਾਨੂੰਨ ਕਿਸਾਨਾਂ ਦੀ ਮੌਤ ਦੇ ਵਾਰੰਟ ਹਨ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧ ਤੇ ਲੀਡਰਾਂ ਦੇ ਵੀ ਘਰਾਂ ਦਾ ਘਿਰਾਓ ਕੀਤਾ ਸੀ ਅਤੇ ਜੋ ਉਸ ਵੇਲੇ ਖੇਤੀ ਕਾਨੂੰਨਾਂ ਦਾ ਸਮਰਥਨ ਕਰ ਰਹੇ ਸੀ। ਘਰਾਂ ਦੇ ਘਿਰਾਓ ਹੋਣ ਤੋਂ ਬਾਅਦ ਅਕਾਲੀ ਲੀਡਰ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਆ ਗਏ। ਇਸੇ ਤਰ੍ਹਾਂ ਹੁਣ ਭਾਜਪਾ ਲੀਡਰ ਦੇ ਘਰਾਂ ਦਾ ਘਿਰਾਓ ਵੀ ਅਣਮਿੱਥੇ ਸਮੇਂ ਤੱਕ ਜਾਰੀ ਰਹੇਗਾ, ਜਿੰਨਾ ਸਮਾਂ ਇਹ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਕਿਸਾਨਾਂ ਦੇ ਨਾਲ ਨਹੀਂ ਖੜ੍ਹਦੇ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ 7 ਵੱਖ ਤਰ੍ਹਾਂ ਦੇ ਮੋਰਚੇ ਸ਼ੁਰੂ ਹੋ ਗਏ ਹਨ ਤੇ ਭਲਕੇ ਤੋਂ 15 ਹੋਰ ਨਵੇਂ ਮੋਰਚੇ ਸ਼ੁਰੂ ਹੋ ਜਾਣਗੇ।