ਬਰਨਾਲਾ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ((Bhartiya Kisan Union Ekta Ugrahan) ) ਦੀ ਸੂਬਾ ਪੱਧਰੀ ਮੀਟਿੰਗ ਤਰਕਸ਼ੀਲ ਭਵਨ ਵਿਖੇ ਝੰਡਾ ਸਿੰਘ ਜੇਠੂਕੇ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ 50 ਔਰਤਾਂ ਅਤੇ ਭਾਰੀ ਗਿਣਤੀ ਨੌਜਵਾਨਾਂ ਸਮੇਤ 16 ਜ਼ਿਲ੍ਹਿਆਂ ਦੇ 300 ਕਿਸਾਨ ਆਗੂ ਸ਼ਾਮਲ ਹੋਏ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ 27 ਸਤੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕੀਤਾ ਜਾ ਰਿਹਾ ਭਾਰਤ ਬੰਦ ਪੰਜਾਬ ਦੇ ਕੋਨੇ ਕੋਨੇ ਵਿੱਚ ਕਾਮਯਾਬ ਕੀਤਾ ਜਾਵੇਗਾ ਅਤੇ 28 ਸਤੰਬਰ ਨੂੰ ਕੌਮੀ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਬਰਨਾਲਾ ਦਾਣਾ ਮੰਡੀ ਵਿੱਚ ਸੂਬਾ ਪੱਧਰੀ ਵਿਸ਼ਾਲ ਸਾਮਰਾਜ ਵਿਰੋਧੀ ਕਾਨਫਰੰਸ ਕੀਤੀ ਜਾਵੇਗੀ। ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਸਾਂਝੀ ਕੀਤੀ।
ਉਹਨਾਂ ਦੱਸਿਆ ਕਿ ਪੰਜਾਬ ਭਰ ਵਿੱਚ ਸਾਲ ਭਰ ਤੋਂ ਚੱਲ ਰਹੇ ਪੱਕੇ ਮੋਰਚਿਆਂ ਤੋਂ ਇਲਾਵਾ 27 ਨੂੰ ਕੀਤੇ ਜਾਣ ਵਾਲੇ ਰੇਲ-ਜਾਮ ਤੇ ਸੜਕ-ਜਾਮ ਧਰਨਿਆਂ ਵਿੱਚ ਵੀ ਉੱਘੇ ਕਲਾਕਾਰ ਗੁਰਸ਼ਰਨ ਸਿੰਘ ਦੀ ਬਰਸੀ ਮੌਕੇ ਹਰ ਸਾਲ ਦੀ ਤਰ੍ਹਾਂ ਰੰਗ ਮੰਚ ਦਿਵਸ ਵੀ ਪੂਰੀ ਸ਼ਰਧਾ ਨਾਲ ਮਨਾਇਆ ਜਾਵੇਗਾ। 28 ਸਤੰਬਰ ਦੀ ਸਾਮਰਾਜ ਵਿਰੋਧੀ ਕਾਨਫਰੰਸ ਮੌਕੇ ਬਰਤਾਨਵੀ ਸਾਮਰਾਜੀਆਂ ਦੁਆਰਾ ਫਾਂਸੀ ਦਿੱਤੇ ਜਾਣ ਸਮੇਂ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਵੱਲੋਂ ਗੁੰਜਾਏ ਗਏ "ਇਨਕਲਾਬ ਜ਼ਿੰਦਾਬਾਦ" ਅਤੇ "ਸਾਮਰਾਜਵਾਦ ਮੁਰਦਾਬਾਦ" ਦੇ ਨਾਅਰਿਆਂ ਦੀ ਵਿਚਾਰਧਾਰਕ ਵਿਆਖਿਆ ਜਥੇਬੰਦੀ 'ਚ ਉੱਭਰ ਰਹੇ ਨੌਜਵਾਨਾਂ ਨੂੰ ਵਿਸ਼ੇਸ਼ ਤੌਰ 'ਤੇ ਸਮਝਾਈ ਜਾਵੇਗੀ।
ਇੱਕ ਮਤਾ ਪਾਸ ਕਰਕੇ ਕਿਸਾਨਾਂ ਵੱਲੋਂ ਜ਼ਲਿਆਂਵਾਲਾ ਬਾਗ ਦੀ ਦਿੱਖ ਨਾਲ ਛੇੜਛਾੜ ਕਰਨ ਦੀ ਨਿਖੇਧੀ ਕੀਤੀ ਗਈ ਤੇ ਇਸ ਵਿਰੁੱਧ ਸੰਘਰਸ਼ ਵਿੱਢਣ ਦੀ ਵੀ ਚਿਤਾਵਨੀ ਦਿੱਤੀ ਗਈ। ਇੱਕ ਵੱਖਰੇ ਮਤੇ ਰਾਹੀਂ ਹਰਿੰਦਰ ਕਾਹਲੋਂ ਤੇ ਹਰਜੀਤ ਗਰੇਵਾਲ ਵਰਗੇ ਭਾਜਪਾ ਆਗੂਆਂ ਵੱਲੋਂ ਕਿਸਾਨਾਂ ਦੇ ਹੱਕੀ ਘੋਲ਼ ਬਾਰੇ ਡਾਂਗਾਂ ਜੇਲ੍ਹਾਂ ਦੀ ਤਾਨਾਸ਼ਾਹੀ ਭਾਸ਼ਾ ਅਤੇ ਔਰਤ ਪੱਤਰਕਾਰ ਬਾਰੇ ਇਖਲਾਕਹੀਣ ਸ਼ਬਦਾਵਲੀ ਵਰਤਣ ਦੀ ਸਖ਼ਤ ਨਿੰਦਾ ਕੀਤੀ ਗਈ।
ਇਸ ਦੇ ਨਾਲ ਹੀ ਉਨ੍ਹਾਂ ਅਜਿਹੇ ਭੜਕਾਊ ਅਨਸਰਾਂ ਨੂੰ ਘਟੀਆ ਕਰਤੂਤਾਂ ਤੋਂ ਬਾਜ਼ ਆਉਣ ਦੀ ਚਿਤਾਵਨੀ ਦਿੱਤੀ ਗਈ। ਨਰਮੇ ਦੀ ਫਸਲ 'ਤੇ ਗੁਲਾਬੀ ਸੁੰਡੀ ਦੇ ਹਮਲੇ ਲਈ ਜ਼ਿੰਮੇਵਾਰ ਬਨਾਉਟੀ ਬੀਜ ਅਤੇ ਕੀਟਨਾਸ਼ਕ ਵੇਚਣ ਲਈ ਜ਼ਿੰਮੇਵਾਰ ਕੰਪਨੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਅਤੇ ਪੀੜਤ ਕਿਸਾਨਾਂ ਨੂੰ ਪੂਰਾ ਮੁਆਵਜ਼ਾ ਦਿਵਾਉਣ ਲਈ ਪ੍ਰਭਾਵਿਤ ਇਲਾਕਿਆਂ ਦੇ ਖੇਤੀਬਾੜੀ ਅਧਿਕਾਰੀਆਂ ਦੇ ਘਿਰਾਓ ਕਰਨ ਦਾ ਸੱਦਾ ਦਿੱਤਾ ਗਿਆ।
ਝੋਨੇ ਦੀ ਸਰਕਾਰੀ ਖਰੀਦ ਲਈ ਆੜ੍ਹਤੀਆਂ ਰਾਹੀਂ ਫਰਦਾਂ ਮੰਗਣ ਵਾਲੇ ਅਤੇ ਡੀ ਏ ਪੀ ਖਾਦ ਦਾ ਸਹਿਕਾਰੀ ਸਭਾਵਾਂ ਦਾ ਕੋਟਾ ਘਟਾਉਣ ਅਤੇ ਨਿੱਜੀ ਕੰਪਨੀਆਂ/ਡੀਲਰਾਂ ਦਾ ਕੋਟਾ ਢਾਈ ਗੁਣਾ ਵਧਾਉਣ ਬਾਰੇ ਕਾਂਗਰਸ ਦੀ ਕੈਪਟਨ ਸਰਕਾਰ ਦੁਆਰਾ ਕੀਤੇ ਗਏ ਫੈਸਲਿਆਂ ਦੀ ਸਖ਼ਤ ਨਿਖੇਧੀ ਕਰਦਿਆਂ ਇਹ ਫੈਸਲੇ ਵਾਪਸ ਲੈਣ ਦੀ ਮੰਗ ਕੀਤੀ ਗਈ ਅਤੇ ਐਲਾਨ ਕੀਤਾ ਗਿਆ ਕਿ ਕੋਈ ਵੀ ਕਿਸਾਨ ਫ਼ਰਦ ਜਮ੍ਹਾਂ ਨਾ ਕਰਵਾਵੇ,ਹਰ ਕਿਸਾਨ ਦਾ ਝੋਨਾ ਪੂਰੇ ਰੇਟ 'ਤੇ ਵਿਕਾਉਣ ਲਈ ਪੂਰਾ ਤਾਣ ਲਾਇਆ ਜਾਵੇਗਾ।
ਕੇਂਦਰੀ ਮੋਦੀ ਸਰਕਾਰ ਵੱਲੋਂ ਝੋਨੇ ਦੀ ਸਰਕਾਰੀ ਖਰੀਦ ਦੀਆਂ ਸ਼ਰਤਾਂ ਵਿੱਚ ਨਮੀ ਦੀ ਮਾਤਰਾ 17%ਤੋਂ ਘਟਾ ਕੇ 16% ਅਤੇ ਦਾਗ਼ੀ ਦਾਣਿਆਂ ਦੀ ਮਾਤਰਾ 5% ਤੋਂ ਘਟਾ ਕੇ 3% ਕਰਨ ਦੀ ਸਖ਼ਤ ਨਿੰਦਾ ਕਰਦਿਆਂ ਇਹ ਕਿਸਾਨ ਮਾਰੂ ਫੈਸਲੇ ਰੱਦ ਕਰਨ ਦੀ ਮੰਗ ਕੀਤੀ ਗਈ।
ਇੱਕ ਹੋਰ ਫੈਸਲੇ ਰਾਹੀਂ ਬੈਸਟਪ੍ਰਾਈਸ ਮਾਲ ਭੁੱਚੋ ਮੰਡੀ (ਬਠਿੰਡਾ) ਦੇ ਮੁਲਾਜ਼ਮਾਂ ਨੂੰ ਕੰਪਨੀ ਵੱਲੋਂ ਬਰਖਾਸਤ ਕਰਨ ਦੀ ਜ਼ੋਰਦਾਰ ਨਿੰਦਾ ਕੀਤੀ ਗਈ ਅਤੇ ਪੀੜਤ ਮੁਲਾਜ਼ਮਾਂ ਦੇ ਘੋਲ ਦੀ ਹਮਾਇਤ ਵਿੱਚ ਕੰਪਨੀ ਨੂੰ ਚਿਤਾਵਨੀ ਦਿੱਤੀ ਗਈ ਕਿ 30 ਸਤੰਬਰ ਤੱਕ ਮੁਲਾਜ਼ਮ ਬਹਾਲ ਨਾ ਕੀਤੇ ਗਏ ਤਾਂ ਕੰਪਨੀ ਦੇ ਪੰਜਾਬ ਵਿਚਲੇ ਹੋਰ ਮਾਲ ਵੀ ਇੱਕ ਹਫ਼ਤੇ ਲਈ ਜਾਮ ਕੀਤੇ ਜਾਣਗੇ ਅਤੇ ਇਹ ਮੰਗ ਨਾ ਮੰਨੇ ਜਾਣ ਦੀ ਸੂਰਤ ਵਿੱਚ ਉਸਤੋਂ ਬਾਅਦ ਸਖ਼ਤ ਫੈਸਲਾ ਕੀਤਾ ਜਾਵੇਗਾ।