ਬਰਨਾਲਾ: ਪੁਲਿਸ ਨੇ ਜ਼ਿਲ੍ਹੇ ਦੇ ਪਿੰਡ ਅਸਪਾਲ ਖੁਰਦ ਵਿਖੇ ਨਾਜਾਇਜ਼ ਮਾਈਨਿੰਗ ਦਾ ਪਰਦਾਫਾਸ਼ ਕਰਦੇ ਹੋਏ 3 ਵਿਅਕਤੀਆਂ ਨੂੰ ਮੌਕੇ ਤੋਂ ਕਾਬੂ ਕੀਤਾ ਹੈ। ਇੱਥੇ ਖੇਤਾਂ ਵਿੱਚ ਖੱਡ ਕਰਕੇ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਸੀ। ਪੁਲਿਸ ਨੇ ਇਹ ਕਾਰਵਾਈ ਇੱਕ ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ। ਮੌਕੇ ਤੋਂ ਪੁਲਿਸ ਨੇ ਵੱਡੀ ਪੱਧਰ 'ਤੇ ਮਸ਼ੀਨਰੀ ਵੀ ਬਰਾਮਦ ਕੀਤੀ ਹੈ। ਖੇਤ ਦਾ ਮਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ।
ਪਿੰਡ ਵਿੱਚ ਨਾਜਾਇਜ਼ ਮਾਈਨਿੰਗ ਦੇ ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਧਨੌਲਾ ਦੇ ਐਸਐਚਓ ਕੁਲਦੀਪ ਸਿੰਘ ਨੇ ਦੱਸਿਆ ਕਿ ਇਹ ਪਿੰਡ ਅਸਪਾਲ ਖ਼ੁਰਦ ਵਿਖੇ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਸੀ। ਨਾਜਾਇਜ਼ ਮਾਈਨਿੰਗ ਦਾ ਕਾਰੋਬਾਰ ਪਿੰਡ ਦੇ ਹੀ ਇੱਕ ਕਿਸਾਨ ਦੇ ਖੇਤਾਂ ਵਿੱਚ ਚੱਲ ਰਿਹਾ ਸੀ।
ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਪਿੰਡ ਵਿੱਚ ਨਾਜਾਇਜ਼ ਮਾਈਨਿੰਗ ਬਾਰੇ ਗੁਪਤ ਸੂਚਨਾ ਮਿਲੀ ਸੀ। ਸੂਚਨਾ 'ਤੇ ਕਾਰਵਾਈ ਕਰਦੇ ਹੋਏ ਪਿੰਡ ਵਿੱਚ ਛਾਪਾਮਾਰੀ ਕੀਤੀ ਗਈ, ਜਿਸ ਦੌਰਾਨ ਇੱਕ ਖੇਤ ਵਿੱਚ ਮਾਇਨਿੰਗ ਕਰ ਰਹੇ ਤਿੰਨ ਵਿਅਕਤੀਆਂ ਨੂੰ ਮੌਕੇ 'ਤੇ ਜੇਸੀਬੀ ਮਸ਼ੀਨਾਂ, ਟਰੈਕਟਰ ਟਰਾਲੀ ਅਤੇ ਇੱਕ ਰੇਤੇ ਦੇ ਭਰੇ ਟਿੱਪਰ ਸਮੇਤ ਕਾਬੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਵੱਲੋਂ ਖੇਤ ਵਿੱਚ 20 ਤੋਂ 25 ਫ਼ੁੱਟ ਡੂੰਘਾ ਖੱਡ ਪੁੱਟ ਕੇ ਨਾਜਾਇਜ਼ ਮਾਈਨਿੰਗ ਜ਼ੋਰਾਂ 'ਤੇ ਚੱਲ ਰਹੀ ਸੀ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਵਿਅਕਤੀਆਂ ਵਿਰੁੱਧ ਨਾਜਾਇਜ਼ ਮਾਇਨਿੰਗ ਤਹਿਤ ਪਰਚਾ ਦਰਜ਼ ਕਰ ਲਿਆ ਗਿਆ ਹੈ। ਫ਼ਿਲਹਾਲ ਅਜੇ ਪੁਲਿਸ ਨੇ ਮੌਕੇ ਤੋਂ ਸਿਰਫ਼ ਤਿੰਨ ਵਿਅਕਤੀ ਕਾਬੂ ਕੀਤੇ ਹਨ, ਜਦਕਿ ਖੇਤ ਮਾਲਕ ਫ਼ਰਾਰ ਹੈ, ਜਿਸ ਦੀ ਭਾਲ ਜਾਰੀ ਹੈ। ਇਸ ਮਾਮਲੇ ਦੀ ਪੂਰੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।