ਬਰਨਾਲਾ: ਪੰਜਾਬ ਦੇ ਸਿੱਖਿਆ ਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵਲੋਂ ਲਹਿਰਾਗਾਗਾ ਦੇ ਕਾਲਜ ਵਿੱਚ ਇੱਕ ਕਲਰਕ ਵਲੋਂ ਕੀਤੀ ਗਈ ਖੁਦਕੁਸ਼ੀ, ਕੇਂਦਰ ਸਰਕਾਰ ਦੇ ਧੱਕੇ ਅਤੇ ਪ੍ਰਾਈਵੇਟ ਸਕੂਲਾਂ ਦੀ ਧੱਕੇਸ਼ਾਹੀ ਦੇ ਮਾਮਲੇ ਵਿੱਚ ਆਪਣਾ ਬਿਆਨ ਦਿੱਤਾ।
ਕਲਰਕ ਖੁਦਕੁਸ਼ੀ ਮਾਮਲੇ ਵਿੱਚ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਇਸ ਤਰ੍ਹਾਂ ਦੇ ਕਦਮ ਚੁੱਕਣ ਤੋਂ ਸਾਰੇ ਮੁਲਾਜ਼ਮਾਂ ਨੂੰ ਗੁਰੇਜ਼ ਕਰਨ ਦੀ ਲੋੜ ਹੈ। ਸਰਕਾਰ ਬਣੇ ਨੂੰ ਅਜੇ ਬਹੁਤ ਥੋੜਾ ਸਮਾਂ ਹੋਇਆ ਹੈ। ਸਾਡੀ ਸਰਕਾਰ ਸਾਰੇ ਮਸਲਿਆਂ ਦਾ ਹੱਲ ਕਰੇਗੀ। ਸਰਕਾਰ ਵੱਲੋਂ ਸਾਰੀਆਂ ਖਾਲੀ ਆਸਾਮੀਆਂ ਭਰੀਆਂ ਜਾਣਗੀਆਂ ਅਤੇ ਸਮੱਸਿਆਂਵਾਂ ਦਾ ਹੱਲ ਵੀ ਕੀਤਾ ਜਾਵੇਗਾ।
ਕੇਂਦਰ ਸਰਕਾਰ ਦੀ ਬਦਲਾਖੋਰੀ ਦੀ ਨੀਤੀ: ਕੇਂਦਰ ਸਰਕਾਰ ਵਲੋਂ ਬਿਜਲੀ ਦੇ ਕੋਟਾ ਹਰਿਆਣਾ ਨੂੰ ਦੇਣ ਅਤੇ ਪੇਂਡੂ ਵਿਕਾਸ ਫੰਡ ਨਾ ਦਿੱਤੇ ਜਾਣ ਤੇ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਕੇਂਦਰ ਸਰਕਾਰ ਬਦਲਾਖੋਰੀ ਦੀ ਨੀਤੀ ਤਹਿਤ ਹੀ ਪੰਜਾਬ ਨਾਲ ਧੱਕਾ ਕੀਤਾ ਜਾ ਰਿਹਾ ਹੈ। ਪਰ ਪੰਜਾਬ ਸਰਕਾਰ ਪੰਜਾਬ ਦੇ ਹੱਕਾਂ ਲਈ ਲੜਾਈ ਲੜੇਗੀ।
ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਦੀ ਧੱਕੇਸ਼ਾਹੀ ਦੇ ਮਾਮਲੇ ਵਿਚ ਸਿੱਖਿਆ ਮੰਤਰੀ ਨੇ ਕਿਹਾ ਕਿ ਸਿੱਖਿਆ ਵਿਭਾਗ ਵਲੋਂ ਇਸ ਮਾਮਲੇ ਵਿੱਚ ਆਨਲਾਈਨ ਪੋਰਟਲ ਜਾਰੀ ਕੀਤਾ ਜਾਵੇਗਾ। ਪ੍ਰਾਈਵੇਟ ਸਕੂਲਾਂ ਸਬੰਧੀ ਜੋ ਵੀ ਐਕਟ ਬਣਾਇਆ ਹੋਇਆ ਹੈ, ਉਸਨੂੰ ਜ਼ਮੀਨੀ ਪੱਧਰ ਤੇ ਲਾਗੂ ਕੀਤਾ ਜਾਵੇਗਾ।
ਸਰਕਾਰੀ ਸਕੂਲਾਂ ਦੀ ਬਦਲੀ ਜਾਵੇਗੀ ਨੁਹਾਰ: ਉੱਥੇ ਪਿਛਲੇ ਸਾਲਾਂ ਦੌਰਾਨ ਸਰਕਾਰੀ ਪ੍ਰਾਇਮਰੀ ਸਕੂਲ ਬੰਦ ਕੀਤੇ ਜਾਣ ਦੇ ਮਾਮਲੇ ਵਿੱਚ ਸਿੱਖਿਆ ਮੰਤਰੀ ਨੇ ਕਿਹਾ ਕਿ ਜਿਸ ਤਰ੍ਹਾਂ ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ ਹੈ, ਉਸੇ ਤਰ੍ਹਾਂ ਪੰਜਾਬ ਵਿੱਚ ਵੀ ਇਸਦਾ ਹੱਲ ਹੋਵੇਗਾ। ਆਉਣ ਵਾਲੇ ਸਮੇਂ ਵਿੱਚ ਚੰਗੇ ਨਤੀਜੇ ਮਿਲਣਗੇ। ਪਰ ਇਸ ਲਈ ਸਰਕਾਰ ਨੂੰ ਥੋੜਾ ਸਮਾਂ ਦਿੱਤਾ ਜਾਣਾ ਚਾਹੀਦਾ ਹੈ।
ਇਹ ਵੀ ਪੜੋ: ਅਰਵਿੰਦ ਕੇਜਰੀਵਾਲ ਦੇ ਘਰ ’ਤੇ ਹਮਲਾ, ਆਪ ਨੇ ਭਾਜਪਾ ’ਤੇ ਲਗਾਇਆ ਦੋਸ਼