ਬਰਨਾਲਾ: ਖੇਤੀ ਸੈਕਟਰ ਲਈ ਮਾੜੀ ਬਿਜਲੀ ਸਪਲਾਈ ਤੋਂ ਦੁਖੀ ਹੋ ਕੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਅਗਵਾਈ ਵਿੱਚ ਕਿਸਾਨਾਂ ਵੱਲੋਂ ਬਰਨਾਲਾ ਦੇ ਐਕਸੀਅਨ ਦਫ਼ਤਰ ਦਾ ਘਿਰਾਉ ਕੀਤਾ ਗਿਆ। ਕਿਸਾਨਾਂ ਦਾ ਇਲਜ਼ਾਮ ਹੈ ਕਿ ਝੋਨੇ ਦੀ ਫਸਲ ਬਿਲਕੁਲ ਪੱਕਣ 'ਤੇ ਆਈ ਹੈ ਅਤੇ ਫਸਲ ਨੂੰ ਆਖ਼ਰੀ ਪਾਣੀ ਲੱਗ ਰਿਹਾ ਹੈ, ਪਰ ਖੇਤਾਂ ਲਈ ਸਿਰਫ਼ ਦੋ ਘੰਟੇ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ। ਇਸ ਕਰਕੇ ਅੱਜ ਉਨ੍ਹਾਂ ਨੂੰ ਮਜਬੂਰਨ ਦਫ਼ਤਰ ਦਾ ਘਿਰਾਉ ਕਰਨਾ ਪਿਆ ਹੈ।
ਘਿਰਾਉ ਦੌਰਾਨ ਗੱਲਬਾਤ ਕਰਦਿਆਂ ਕਿਸਾਨ ਆਗੂ ਜਰਨੈਲ ਸਿੰਘ ਜਵੰਧਾ, ਸੰਦੀਪ ਸਿੰਘ ਚੀਮਾ, ਬਲੌਰ ਸਿੰਘ ਛੰਨਾ ਅਤੇ ਦਰਸ਼ਨ ਸਿੰਘ ਨੇ ਕਿਹਾ ਕਿ ਖੇਤੀ ਸੈਕਟਰ ਲਈ ਪਿਛਲੇ ਕੁਝ ਦਿਨਾਂ ਤੋਂ ਬਹੁਤ ਹੀ ਮਾੜੀ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ। ਝੋਨੇ ਦੀ ਫਸਲ ਨੂੰ ਆਖਰੀ ਪਾਣੀ ਲੱਗ ਰਿਹਾ ਹੈ ਪਰ ਪਾਵਰਕਾਮ ਵੱਲੋਂ ਸਿਰਫ ਦੋ ਘੰਟੇ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ। ਇਸ ਕਰਕੇ ਫ਼ਸਲ ਦਾ ਨੁਕਸਾਨ ਹੋਣ ਦਾ ਖਦਸ਼ਾ ਬਣਿਆ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਇੱਕ ਪਾਸੇ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦੇ ਸੰਘਰਸ਼ ਚੱਲ ਰਹੇ ਹਨ ਅਤੇ ਉਸੇ ਦਰਮਿਆਨ ਸਰਕਾਰ ਜਾਣ ਬੁੱਝ ਕੇ ਬਿਜਲੀ ਸੰਕਟ ਪੈਦਾ ਕਰ ਰਹੀ ਹੈ। ਸਰਕਾਰ ਦੇ ਕੋਲੇ ਘਾਟ ਵਾਲੇ ਤਰਕ ਬਾਰੇ ਕਿਸਾਨਾਂ ਨੇ ਕਿਹਾ ਕਿ ਪਾਵਰਕਾਮ ਖੁਦ ਮੰਨ ਚੁੱਕਿਆ ਹੈ ਕਿ ਉਨ੍ਹਾਂ ਦੇ ਕੋਲ ਪੰਦਰਾਂ ਦਿਨ ਬਿਜਲੀ ਪੈਦਾ ਕਰਨ ਲਈ ਕੋਲਾ ਮੌਜੂਦ ਹੈ। ਇਸ ਦੇ ਬਾਵਜੂਦ ਵੀ ਬਿਜਲੀ ਦੇ ਕੱਟ ਲਗਾ ਕੇ ਕਿਸਾਨਾਂ ਦੀਆਂ ਫ਼ਸਲਾਂ ਦਾ ਨੁਕਸਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕੋਈ ਵੀ ਉੱਚ ਅਧਿਕਾਰੀ ਉਨ੍ਹਾਂ ਨੂੰ ਸਹੀ ਬਿਜਲੀ ਸਪਲਾਈ ਦਾ ਭਰੋਸਾ ਨਹੀਂ ਮਿਲਦਾ ਉਦੋਂ ਤਕ ਧਰਨਾ ਜਾਰੀ ਰਹੇਗਾ।
ਉਧਰ ਇਸ ਸਬੰਧੀ ਬਰਨਾਲਾ ਦੇ ਐਕਸੀਅਨ ਗਗਨਦੀਪ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਿਰਫ਼ ਇੱਕ ਦਿਨ ਬਿਜਲੀ ਦਾ ਕੱਟ ਲਗਾਇਆ ਗਿਆ ਸੀ। ਬਿਜਲੀ ਦਾ ਨਵਾਂ ਸ਼ਡਿਊਲ ਪਟਿਆਲਾ ਦਫ਼ਤਰ ਤੋਂ ਬਣ ਕੇ ਆਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਕੋਈ ਸਮੱਸਿਆ ਨਹੀਂ ਹੈ ਅਤੇ ਪੂਰੇ ਸਹੀ ਤਰੀਕੇ ਕਿਸਾਨਾਂ ਨੂੰ ਸਪਲਾਈ ਦਿੱਤੀ ਜਾ ਰਹੀ ਹੈ।