ਬਰਨਾਲਾ: ਖੇਤੀ ਕਾਨੂੰਨਾਂ ਦੇ ਵਿਰੁੱਧ ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਤਹਿਤ ਬਰਨਾਲਾ ਵਿਖੇ ਰੇਲਵੇ ਸਟੇਸ਼ਨ ਮੋਰਚੇ ਦੀਆਂ 30 ਕਿਸਾਨ ਜੱਥੇਬੰਦੀਆਂ ਵੱਲੋਂ ਸ਼ਹਿਰ ਵਿੱਚ 800 ਟਰੈਕਟਰਾਂ ਨਾਲ ਵਿਸ਼ਾਲ ਮਾਰਚ ਕੀਤਾ ਗਿਆ। ਪਿੰਡਾਂ ਵਿੱਚੋਂ ਆਪ ਮੁਹਾਰੇ ਕਿਸਾਨ ਨਾਅਰੇ ਮਾਰਦੇ ਇਸ ਟਰੈਕਟਰ ਮਾਰਚ ਵਿੱਚ ਸ਼ਾਮਲ ਹੋਏ। ਕਿਸਾਨਾਂ ਦੇ ਨਾਲ-ਨਾਲ ਔਰਤਾਂ ਅਤੇ ਨੌਜਵਾਨਾਂ ਨੇ ਵੀ ਇਸ ਟਰੈਕਟਰ ਮਾਰਚ ਵਿੱਚ ਸਮੂਲੀਅਤ ਕੀਤੀ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਦੇ ਖੇਤੀ ਕਾਨੂੰਨਾਂ ਨੂੰ ਲੈਕੇ ਲੋਕਾਂ ਦਾ ਰੋਸ ਲਗਾਤਾਰ ਵੱਧ ਰਿਹਾ ਹੈ। ਇਸ ਕਰਕੇ ਲੋਕ ਆਪ ਮੁਹਾਰੇ ਸੜਕਾਂ ’ਤੇ ਉਤਰ ਰਹੇ ਹਨ। ਖੇਤੀ ਵਿਰੋਧੀ ਕਾਨੂੰਨ ਰੱਦ ਕਰਨ ਦੀ ਘਰ-ਘਰ ਦੀ ਅਵਾਜ਼ ਬਣਕੇ ਮੋਦੀ ਸਰਕਾਰ ਨੂੰ ਲਲਕਾਰ ਰਹੀ ਹੈ।
'ਟਰੈਕਟਰ ਮਾਰਚ ਮਹਿਜ਼ ਟ੍ਰੇਲਰ, 26 ਜਨਵਰੀ ਨੂੰ ਫਿਲਮ ਦਿਖਾਈ ਜਾਵੇਗੀ'
ਕਿਸਾਨਾਂ ਨੇ ਕਿਹਾ ਕਿ ਟਰੈਕਟਰ ਮਾਰਚ ਮਹਿਜ ਟ੍ਰੇਲਰ ਹੈ, ਕਿਸਾਨੀ ਸੰਘਰਸ਼ ਦੀ ਪੂਰੀ ਪਿਕਚਰ 26 ਜਨਵਰੀ ਨੂੰ ਦਿਖਾਈ ਜਾਵੇਗੀ। 26 ਜਨਵਰੀ ਨੂੰ ਗਣਤੰਤਰ ਦਿਵਸ ਵਾਲੇ ਦਿਨ ਕਿਸਾਨ ਟਰੈਕਟਰ ਪਰੇਡ ਕਰਨਗੇ। ਇਸ ਵਾਸਤੇ ਹਜ਼ਾਰਾਂ ਟਰੈਕਟਰ ਦਿੱਲੀ ਵੱਲ ਵੀ ਰਵਾਨਾ ਹੋਣਗੇ। ਸਮੁੱਚੇ ਮੁਲਕ ਅੰਦਰ ਹਰ ਘਰ ਵਿੱਚੋਂ ਮੋਦੀ ਹਕੂਮਤ ਖਿਲਾਫ਼ ਕਿਸਾਨੀ ਸੰਘਰਸ਼ ਲਈ ਲਲਕਾਰ ਗੂੰਜੇਗੀ।
ਨਾਅਰਿਆਂ ਨਾਲ ਗੂੰਜਿਆਂ ਬਰਨਾਲਾ ਸ਼ਹਿਰ
ਟਰੈਕਟਰ ਮਾਰਚ ਜਿਉਂ ਦਾਣਾ ਮੰਡੀ ਤੋਂ ਬਰਨਾਲਾ ਸ਼ਹਿਰ ਵੱਲ ਵਧਿਆ ਤਾਂ ਸ਼ਹਿਰ ਦੇ ਹਰ ਪਾਸੇ ‘ਹਰੇ ਰੰਗ ਦੀਆਂ ਝੰਡਿਆਂ, ਮੋਦੀ ਸਰਕਾਰ ਮੁਰਦਾਬਾਦ ਅਤੇ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰੋ’ ਦੇ ਨਾਹਰਿਆਂ ਦੀ ਗੂੰਜ ਸੁਣਾਈ ਦੇ ਰਹੀ ਸੀ।
ਲੋਹੜੀ ਸੰਘਰਸ਼ 'ਚ ਮਨਾਉਣ ਦਾ ਐਲਾਨ
ਕਿਸਾਨਾਂ ਨੇ ਕਿਹਾ ਕਿ 12 ਜਨਵਰੀ ਤੱਕ ਜਾਗਰੂਕਤਾ ਹਫ਼ਤਾ ਮਨਾਉਂਦਿਆਂ, 13 ਜਨਵਰੀ ਨੂੰ ਦੁੱਲੇ ਭੱਟੀ ਦੇ ਕਰੋੜਾਂ ਵਾਰਸ ਪਿੰਡਾਂ ਵਿੱਚ ਲੋਹੜੀ ਮੌਕੇ ਸਾਂਝੀ ਦੁੱਲੇ ਭੱਟੀ ਦੇ ਵਾਰਸ ਕਾਲੇ ਕਾਨੂੰਨਾਂ ਦੀ ਲੋਹੜੀ ਬਾਲਕੇ ਸੰਘਰਸ਼ ਤੇਜ਼ ਕਰਨ ਦਾ ਅਹਿਦ ਕਰਨਗੇ। ਦੀਵਾਲੀ, ਦੁਸ਼ਹਿਰੇ ਅਤੇ ਨਵੇਂ ਸਾਲ ਵਾਂਗ ਲੋਹੜੀ ਦਾ ਤਿਉਹਾਰ ਵੀ ਕਿਸਾਨ ਸੰਘਰਸ਼ ਵਿੱਚ ਹੀ ਮਨਾਉਣਗੇ।
ਖੇਤੀ ਕਾਨੂੰਨ ਰੱਦ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਅਹਿਦ
ਟਰੈਕਟਰ ਮਾਰਚ ਵਿੱਚ ਸ਼ਾਮਲ ਬਜ਼ੁਰਗ ਕਿਸਾਨਾਂ ਨੇ ਕਿਹਾ ਕਿ ਉਨ੍ਹਾਂ ਦੇ ਹੌਂਸਲੇ 3 ਮਹੀਨਿਆਂ ਬਾਅਦ ਵੀ ਬੁਲੰਦ ਹਨ। ਪੰਜਾਬ ਦੀ ਜਵਾਨੀ ਕਾਨੂੰਨ ਰੱਦ ਕਰਵਾਉਣ ਤੋਂ ਪਿੱਛੇ ਨਹੀਂ ਹੱਟ ਰਹੇ। ਇਸ ਕਰਕੇ ਉਹ ਆਪਣੀਆਂ ਪੀੜੀਆਂ ਦੇ ਭਵਿੱਖ ਰੌਸ਼ਨ ਰੱਖਣ ਲਈ ਖੇਤੀ ਕਾਨੂੰਨ ਰੱਦ ਕਰਵਾਉਣ ਤੱਕ ਸੰਘਰਸ਼ ਜਾਰੀ ਰੱਖਣਗੇ।