ਬਰਨਾਲਾ: ਗੁਲਾਬੀ ਸੁੰਡੀ ਨਾਲ ਬਰਬਾਦ ਹੋਈ ਨਰਮੇ ਦੀ ਫਸਲ ਦੇ ਮੁਆਵਜ਼ੇ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਇਸ ਮਾਮਲੇ 'ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਸੰਘਰਸ਼ ਤੇਜ਼ ਕਰ ਦਿੱਤਾ ਹੈ। ਜਿਸ ਤਹਿਤ ਬਰਨਾਲਾ ਦੇ ਪਿੰਡ ਰੂੜੇਕੇ ਕਲਾਂ ਦੀ ਅਨਾਜ ਮੰਡੀ ਵਿੱਚ ਪੰਜਾਬ ਦੇ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਦੇ ਲੱਗੇ ਹੋਏ ਫਲੈਕਸ ਬੋਰਡ ਉੱਤੇ ਕਾਲਖ ਮਲ ਕੇ ਕਿਸਾਨਾਂ ਵਲੋਂ ਰੋਸ ਜ਼ਾਹਿਰ ਕੀਤਾ। ਇਸ ਦੌਰਾਨ ਕਿਸਾਨਾਂ ਵਲੋਂ ਪੰਜਾਬ ਸਰਕਾਰ (Government of Punjab) ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਸੰਗਠਨ ਦੇ ਆਗੂਆਂ ਅਤੇ ਕਿਸਾਨਾਂ ਨੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖਮੰਤਰੀ ਦੇ ਵੱਲੋਂ ਗੁਲਾਬੀ ਸੁੰਡੀ ਨਾਲ ਨਰਮੇ ਦੀ ਬਰਬਾਦ ਹੋਈ ਫਸਲ ਦਾ ਯੋਗ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਪੀੜਤ ਕਿਸਾਨਾਂ ਨੂੰ ਪ੍ਰਤੀ ਪਰਿਵਾਰ 60000 ਰੁਪਏ ਮੁਆਵਜ਼ਾ ਅਤੇ ਮਜ਼ਦੂਰ ਨੂੰ 30000 ਰੁਪਏ ਪ੍ਰਤੀ ਪਰਿਵਾਰ ਦੇਣ ਦਾ ਐਲਾਨ ਕੀਤਾ ਗਿਆ ਸੀ ਪਰ ਪੰਜਾਬ ਸਰਕਾਰ ਦੇ ਵੱਲੋਂ ਐਲਾਨ ਕੀਤੇ ਗਏ ਵਾਅਦੇ ਨੂੰ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸਦੇ ਰੋਸ ਵਜੋਂ ਕਿਸਾਨਾਂ ਦੁਆਰਾ ਬਰਨਾਲਾ ਦੀ ਅਨਾਜ ਮੰਡੀ ਰੂੜੇਕੇ ਕਲਾਂ ਵਿੱਚ ਮੁੱਖਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ (Charanjit Singh Channi) ਦੇ ਪੋਸਟਰ (Poster) ਉੱਤੇ ਕਾਲਖ ਮਲ ਕੇ ਰੋਸ ਜ਼ਾਹਿਰ ਕੀਤਾ ਗਿਆ।
ਇਸ ਮੌਕੇ ਕਿਸਾਨ ਆਗੂਆਂ ਨੇ ਇਹ ਵੀ ਐਲਾਨ ਕੀਤਾ ਕਿ ਕਾਂਗਰਸ ਲੀਡਰਾਂ ਨੂੰ 2022 ਦੇ ਚੋਣਾਂ ਮੌਕੇ ਪਿੰਡਾਂ ਵਿੱਚ ਵੜਨ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਦਾ ਡਟਕੇ ਵਿਰੋਧ ਕੀਤਾ ਜਾਵੇਗਾ, ਜਿਸ ਤਰੀਕੇ ਨਾਲ ਭਾਰਤੀਆ ਜਨਤਾ ਪਾਰਟੀ ਦਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਤਾਂ ਸਿਰਫ ਪੋਸਟਰ ‘ਤੇ ਮੂੰਹ ਕਾਲੇ ਕੀਤੇ ਗਏ ਹਨ ਜੇਕਰ ਕਿਸਾਨਾਂ ਨੂੰ ਯੋਗ ਮੁਆਵਜ਼ਾ ਨਾ ਦਿੱਤਾ ਗਿਆਨ ਤਾਂ ਕਾਂਗਰਸੀ ਲੀਡਰਾਂ ਦੇ ਪਿੰਡਾਂ ਵਿੱਚ ਆਉਣ ‘ਤੇ ਮੂੰਹ ਕਾਲੇ ਕੀਤੇ ਜਾਣਗੇ। ਜਿਸ ਕਰਕੇ ਸਰਕਾਰ ਤੁਰੰਤ ਕਿਸਾਨਾਂ ਨੂੰ ਯੋਗ ਮੁਆਵਜ਼ਾ ਜਾਰੀ ਕਰੇ।