ਬਰਨਾਲਾ: ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਪਿੰਡ ਪੱਖੋਕੇ ਦੇ ਮਜ਼ਦੂਰ ਜਗਸੀਰ ਸਿੰਘ ਦੀ ਦਿੱਲੀ ਦੇ ਟਿੱਕਰੀ ਬਾਰਡਰ ’ਤੇ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਉਸ ਦੀ ਮ੍ਰਿਤਕ ਦੇਹ ਇਸ ਦੇ ਪਿੰਡ ਪੱਖੋਕੇ ਵਿਖੇ ਉਸ ਦੇ ਘਰ ਲਿਆਂਦੀ ਗਈ। ਪਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਮੰਗਾਂ ਪੂਰੀਆਂ ਹੋਣ ਤੱਕ ਮ੍ਰਿਤਕ ਮਜ਼ਦੂਰ ਦਾ ਅੰਤਿਮ ਸਸਕਾਰ ਨਾ ਕਰਨ ਦਾ ਫ਼ੈਸਲਾ ਕੀਤਾ ਹੈ।
ਜੱਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ ਅਤੇ ਸੰਦੀਪ ਸਿੰਘ ਚੀਮਾ ਨੇ ਦੱਸਿਆ ਕਿ ਮ੍ਰਿਤਕ ਜਗਸੀਰ ਸਿੰਘ ਜ਼ਮੀਨ ਨਾ ਹੋਣ ਦੇ ਬਾਵਜੂਦ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋ ਰਿਹਾ ਸੀ। ਜਿਸ ਨੇ ਅੰਦੋਲਨ ਨੂੰ ਸਫ਼ਲ ਬਨਾਉਣ ਲਈ ਆਪਣੀ ਸ਼ਹਾਦਤ ਦਿੱਤੀ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸ਼ਨ ਤੋਂ ਮ੍ਰਿਤਕ ਮਜ਼ਦੂਰ ਦੇ ਪਰਿਵਾਰ ਲਈ 10 ਲੱਖ ਮੁਆਵਜ਼ਾ ਰਾਸ਼ੀ, ਪਰਿਵਾਰ ਦੀ ਪੂਰਨ ਕਰਜ਼ਾਮਾਫ਼ੀ ਅਤੇ ਇੱਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ। ਤਿੰਨੇ ਮੰਗਾਂ ਦੇ ਪੂਰਾ ਹੋਣ ਤੱਕ ਮ੍ਰਿਤਕ ਦਾ ਅੰਤਿਮ ਸਸਕਾਰ ਨਹੀਂ ਕੀਤਾ ਜਾਵੇਗਾ।