ਬਰਨਾਲਾ: ਨੌਜਵਾਨ ਏਕਨੂਰ ਸਿੰਘ ਗਿੱਲ ਨੇ 17 ਸਾਲ ਦੀ ਉਮਰ ਵਿੱਚ ਯੂਪੀਐਸਸੀ ਵੱਲੋਂ ਲਈ ਗਈ ਨੈਸ਼ਨਲ ਡਿਫੈਂਸ ਅਕੈਡਮੀ (NDA) ਦੀ ਪ੍ਰੀਖਿਆ ਪਾਸ ਕੀਤੀ ਹੈ। ਏਕਨੂਰ ਨੇ ਪਹਿਲੀ ਵਾਰ 'ਚ ਦਿੱਤੇ ਪੇਪਰ ਵਿੱਚ ਚੰਗੀ ਪੁਜ਼ੀਸ਼ਨ ਹਾਸਲ ਕਰਕੇ ਆਪਣੇ ਮਾਤਾ-ਪਿਤਾ ਅਤੇ ਬਰਨਾਲਾ ਦਾ ਨਾਂਅ ਰੌਸ਼ਨ ਕੀਤਾ ਹੈ। 12 ਵੀਂ ਜਮਾਤ 'ਚ ਪੜ੍ਹਦਾ ਏਕਨੂਰ ਹੁਣ ਸਿੱਧੇ ਫੌਜ 'ਚ ਅਫ਼ਸਰ ਬਣੇਗਾ।
ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ: ਏਕਨੂਰ ਦੀ ਇਸ ਪ੍ਰਾਪਤੀ ਨਾਲ ਉਸ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਵਿੱਚ ਖੁਸ਼ੀ ਦਾ ਮਾਹੌਲ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਏਕਨੂਰ ਸਿੰਘ ਬਚਪਨ ਤੋਂ ਹੀ ਮਿਹਨਤੀ ਅਤੇ ਹੁਸ਼ਿਆਰ ਹੈ। ਉਸ ਦਾ ਸੁਪਨਾ ਭਾਰਤੀ ਫੌਜ ਵਿੱਚ ਵੱਡਾ ਅਫਸਰ ਬਣਨ ਦਾ ਹੈ। ਇਸ ਮੌਕੇ ਗੱਲਬਾਤ ਏਕਨੂਰ ਦੀ ਮਾਤਾ ਰਮਨਦੀਪ ਕੌਰ, ਪਿਤਾ ਰੂਪ ਸਿੰਘ ਅਤੇ ਰਿਸ਼ਤੇਦਾਰਾਂ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਏਕਨੂਰ ਸਿੰਘ ਨੇ 17 ਸਾਲ ਦੀ ਉਮਰ ਵਿੱਚ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਲਈ ਗਈ ਨੈਸ਼ਨਲ ਡਿਫੈਂਸ ਅਕੈਡਮੀ ਦੀ ਪ੍ਰੀਖਿਆ ਵਿੱਚ ਯੋਗਤਾ ਪ੍ਰਾਪਤ ਕਰਕੇ ਬਰਨਾਲਾ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ।
ਏਕਨੂਰ ਬਚਪਨ ਤੋਂ ਹੀ ਪੜ੍ਹਾਈ ਵਿੱਚ ਅਵੱਲ : ਏਕਨੂਰ ਸਿੰਘ ਨੇ ਪਹਿਲੀ ਵਾਰ ਦਿੱਤੇ ਪੇਪਰ ਵਿੱਚ ਚੰਗੀ ਪੁਜ਼ੀਸ਼ਨ ਹਾਸਲ ਕਰਕੇ ਆਪਣੀ ਜਿੱਤ ਦਰਜ ਕੀਤੀ ਹੈ। ਏਕਨੂਰ ਸਿੰਘ ਗਿੱਲ ਬਚਪਨ ਤੋਂ ਹੀ ਇੱਕ ਮਿਹਨਤੀ ਅਤੇ ਹੁਸ਼ਿਆਰ ਬੱਚਾ ਸੀ। ਅਕਾਲ ਅਕੈਡਮੀ ਭਦੌੜ ਵਿੱਚ ਪੜ੍ਹਦਿਆਂ ਏਕਨੂਰ ਸਿੰਘ ਨੇ ਹਰ ਜਮਾਤ ਵਿੱਚ ਚੰਗੇ ਸਥਾਨਾਂ ਨਾਲ ਪਾਸ ਹੋ ਕੇ 10ਵੀਂ ਜਮਾਤ ਵਿੱਚ ਵੀ ਅਕਾਲ ਅਕੈਡਮੀ ਭਦੌੜ ਦਾ ਨਾਮ ਰੌਸ਼ਨ ਕੀਤਾ। ਹੁਣ ਏਕਨੂਰ ਸਿੰਘ ਗਿੱਲ ਨਾਨ-ਮੈਡੀਕਲ ਤੋਂ 12ਵੀਂ ਦੀ ਪੜ੍ਹਾਈ ਕਰ ਰਿਹਾ ਹੈ ਅਤੇ ਪੜ੍ਹਾਈ ਦੇ ਨਾਲ-ਨਾਲ ਉਸ ਨੇ ਐਨ.ਡੀ.ਏ. ਲਈ ਤਿਆਰੀ ਕੀਤੀ ਅਤੇ ਪਹਿਲੀ ਹੀ ਕੋਸ਼ਿਸ਼ ਵਿੱਚ ਕਾਮਯਾਬ ਹੋ ਗਿਆ।
ਸੋਸ਼ਲ ਮੀਡੀਆ ਤੋਂ ਦੂਰ, ਖੇਡ 'ਚ ਦਿਲਚਸਪੀ: ਏਕਨੂਰ ਮੋਬਾਈਲ ਫ਼ੋਨਾਂ ਅਤੇ ਹਰ ਤਰ੍ਹਾਂ ਦੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਦੂਰ ਹੈ। ਉਹਨਾਂ ਦੱਸਿਆ ਕਿ ਏਕਨੂਰ ਮਾਰਸ਼ਲ ਆਰਟ ਵਿੱਚ ਦਿਲਚਸਪੀ ਕਰਕੇ ਗੱਤਕੇ ਦੀ ਸਿਖਲਾਈ ਵੀ ਲੈਂਦਾ ਰਿਹਾ ਹੈ। ਇਸ ਤੋਂ ਇਲਾਵਾ ਉਹ ਇੰਟਰਨੈੱਟ ਉਪਰ ਫੌਜ ਦੀਆਂ ਵੀਡੀਓਜ਼ ਦੇਖ ਕੇ ਮੋਟੀਵੇਟ ਹੁੰਦਾ ਰਿਹਾ ਹੈ। ਏਕਨੂਰ ਸਿੰਘ ਗਿੱਲ ਦਾ ਬਚਪਨ ਤੋਂ ਹੀ ਆਰਮੀ ਅਫਸਰ ਬਣਨ ਦਾ ਸੁਪਨਾ ਸੀ, ਜਿਸ ਨੂੰ ਏਕਨੂਰ ਜਲਦ ਹੀ ਆਪਣੀ ਮਿਹਨਤ ਨਾਲ ਪੂਰਾ ਕਰੇਗਾ। ਇਸ ਤੋਂ ਇਲਾਵਾ ਏਕਨੂਰ ਫੁੱਟਬਾਲ ਦਾ ਚੰਗਾ ਖਿਡਾਰੀ ਹੈ। ਉਨ੍ਹਾਂ ਕਿਹਾ ਕਿ ਏਕਨੂਰ ਵਿਦੇਸ਼ ਜਾਣ ਵਾਲੇ ਬੱਚਿਆਂ ਲਈ ਇੱਕ ਮਿਸਾਲ ਹੈ ਕਿ ਭਾਰਤ ਵਿੱਚ ਰਹਿ ਕੇ ਵੀ ਬਹੁਤ ਕੁਝ ਹਾਸਲ ਕੀਤਾ ਜਾ ਸਕਦਾ ਹੈ।