ਬਰਨਾਲਾ: ਮੀਂਹ ਅਤੇ ਗੜ੍ਹੇਮਾਰੀ ਕਾਰਨ ਬਰਬਾਦ ਹੋਈਆਂ ਫ਼ਸਲਾਂ ਨੂੰ ਲੈ ਕੇ ਪੰਜਾਬ ਦੇ ਕਿਸਾਨ ਸੰਘਰਸ਼ ਦੇ ਮੈਦਾਨ ਵਿੱਚ ਆ ਗਏ ਹਨ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਅੱਜ ਕਿਸਾਨ ਜੱਥੇਬੰਦੀਆਂ ਵਲੋਂ ਵੱਖ ਵੱਖ ਥਾਵਾਂ ਤੇ ਰੇਲ ਮਾਰਗ ਜਾਮ ਕੀਤੇ ਗਏ। ਬਰਨਾਲਾ ਜਿਲ੍ਹੇ ਵਿੱਚ ਅੱਜ ਕਿਸਾਨਾਂ ਵਲੋਂ ਦੋ ਥਾਵਾਂ ਤੇ ਰੇਲ ਲਾਈਨਾਂ ਤੇ ਬੈਠ ਕੇ ਪ੍ਰਦਰਸ਼ਨ ਕੀਤਾ ਗਿਆ। ਬਰਨਾਲਾ ਸ਼ਹਿਰ ਅਤੇ ਕਸਬਾ ਹੰਡਿਆਇਆ ਦੇ ਰੇਲਵੇ ਸਟੇਸ਼ਨ ਤੇ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਰੇਲਵੇ ਲਾਈਨਾਂ ਬਲੌਕ ਕੀਤੀਆਂ। ਪ੍ਰਦਰਸ਼ਨਕਾਰੀ ਕਿਸਾਨਾਂ ਨੇ ਕਿਹਾ ਕਿ ਮੀਂਹ ਅਤੇ ਗੜ੍ਹੇਮਾਰੀ ਨੇ ਕਿਸਾਨਾਂ ਦਾ ਵੱਡੇ ਪੱਧਰ ਤੇ ਨੁਕਸਾਨ ਕੀਤਾ ਹੈ, ਪਰ ਕੇਂਦਰ ਅਤੇ ਪੰਜਾਬ ਸਰਕਾਰ ਕਿਸਾਨਾਂ ਦੀ ਸਾਰ ਨਹੀਂ ਲੈ ਰਹੀ।
ਪ੍ਰਦਰਸ਼ਨਕਾਰੀ ਕਿਸਾਨ ਆਗੂਆਂ ਨੇ ਕਿਹਾ ਕਿ ਪਿਛਲੇ ਦਿਨਾਂ ਦੌਰਾਨ ਪੰਜਾਬ ਵਿੱਚ ਮੀਂਹ ਅਤੇ ਗੜ੍ਹੇਮਾਰੀ ਕਾਰਨ ਕਿਸਾਨਾਂ ਦੀ ਵੱਡੇ ਪੱਧਰ ਤੇ ਕਣਕ ਦੇ ਹੋਰ ਫ਼ਸਲਾਂ ਖ਼ਰਾਬ ਹੋਈਆ ਹਨ। ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਕਿਸਾਨਾਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ। ਮੁਆਵਜ਼ੇ ਤੇ ਨਾਮ ਤੇ ਕਿਸਾਨਾਂ ਨਾਲ ਮਜ਼ਾਕ ਕੀਤਾ ਜਾ ਰਿਹਾ ਹੈ। ਜਿਸਦੇ ਚੱਲਦਿਆਂ ਅੱਜ ਭਾਰਤ ਪੱਧਰ ਤੇ ਸੰਯੁਕਤ ਕਿਸਾਨ ਮੋਰਚੇ ਵਲੋਂ ਅੱਜ ਰੇਲਾਂ ਜਾਮ ਕਰਨ ਦਾ ਸੱਦਾ ਦਿੱਤਾ ਗਿਆ ਹੈ। ਜਿਸਦੇ ਚੱਲਦਿਆਂ ਉਹਨਾ ਨੇ ਅੱਜ ਬਰਨਾਲਾ ਜਿਲ੍ਹੇ ਵਿੱਚ ਹੰਡਿਆਇਆ ਅਤੇ ਬਰਨਾਲਾ ਦੇ ਰੇਲਵੇ ਸਟੇਸ਼ਨ ਤੇ ਚਾਰ ਵਜੇ ਤੱਕ ਰੇਲਾਂ ਜਾਮ ਕੀਤੀਆਂ ਹਨ। ਉਹਨਾਂ ਕਿਹਾ ਕਿ ਸਰਕਾਰ ਤੁਰੰਤ ਕਿਸਾਨਾਂ ਦੀਆਂ ਬਰਬਾਦ ਹੋਈਆਂ ਫ਼ਸਲਾਂ ਦਾ ਮੁਆਵਜ਼ਾ ਜਾਰੀ ਕਰੇ ਨਹੀਂ ਉਹ ਆਪਣਾ ਸੰਘਰਸ਼ ਹੋਰ ਤੇਜ਼ ਅਤੇ ਤਿੱਖਾ ਕਰਨ ਲਈ ਮਜਬੂਰ ਹੋਣਗੇ।
ਇਹ ਵੀ ਪੜ੍ਹੋ : ਪਰਬਤਾਰੋਹੀ ਬਲਜੀਤ ਕੌਰ ਦਾ ਦੇਹਾਂਤ, ਅੰਨਪੂਰਨਾ ਐਵਰੈਸਟ ਤੋਂ ਉਤਰਦੇ ਸਮੇਂ ਹੋਇਆ ਹਾਦਸਾ
ਉਹਨਾਂ ਕਿਹਾ ਕਿ ਭਾਰੀ ਮੀਂਹ ਨਾਲ ਕਣਕ ਦੇ ਝਾੜ ਵਿੱਚ ਹੋਈ ਕਮੀਂ ਦਾ ਪੂਰਾ ਮੁਆਵਜ਼ਾ ਦੇਣ ਦੀ ਬਜਾਏ ਕੇਂਦਰ ਸਰਕਾਰ ਵੱਲੋਂ ਦਾਗ਼ੀ ਦਾਣਿਆਂ ਦੇ ਬਹਾਨੇ ਬਾਕੀ ਬਚੀ ਕਣਕ ਦੇ ਰੇਟ ਵਿੱਚ ਵੀ 5.31 ਤੋਂ ਲੈਕੇ 31.86 ਰੁਪਏ ਪ੍ਰਤੀ ਕੁਇੰਟਲ ਦੀ ਕਟੌਤੀ ਕਰਕੇ ਹੋਰ ਮਾਰ ਕਿਸਾਨਾਂ ਨੂੰ ਪਾਈ ਜਾ ਰਹੀ ਹੈ। ਕਿਸਾਨੀ ਪਹਿਲਾਂ ਹੀ ਖੇਤੀ ਲਾਗਤ ਵਸਤਾਂ ਦੇ ਮਹਿੰਗੇ ਭਾਵਾਂ ਕਰਕੇ ਕਰਜ਼ਈ ਹੋ ਚੁੱਕੀ ਹੈ। ਆਮਦਨ ਲਗਾਤਾਰ ਘਟਦੀ ਜਾ ਰਹੀ ਹੈ। ਫਸਲਾਂ ਅਤੇ ਹੋਰ ਹੋਏ ਨੁਕਸਾਨ ਦੀ ਗਿਰਦਾਵਰੀ ਛੇਤੀ ਮੁਕੰਮਲ ਕੀਤੀ ਜਾਵੇ। ਫਸਲਾਂ ਦੇ ਹੋਏ ਨੁਕਸਾਨ ਮੁਤਾਬਕ ਪੂਰੀ ਦੀ ਪੂਰੀ ਭਰਪਾਈ ਕੀਤੀ ਜਾਵੇ।ਇਸੇ ਤਰ੍ਹਾਂ ਹੋਰ ਹੋਏ ਨੁਕਸਾਨ ਜਿਵੇਂ ਮਕਾਨਾਂ ਵਗੈਰਾ ਦਾ ਪੂਰਾ ਮੁਆਵਜ਼ਾ ਦਿੱਤਾ ਜਾਵੇ। ਖੇਤ ਮਜ਼ਦੂਰਾਂ ਨੂੰ ਰੁਜ਼ਗਾਰ ਉਜਾੜੇ ਦਾ ਪ੍ਰਤੀ ਪਰਿਵਾਰ ਪੂਰਾ ਮੁਆਵਜ਼ਾ ਦਿੱਤਾ ਜਾਵੇ। ਕੁਦਰਤੀ ਆਫ਼ਤਾਂ ਕਾਰਨ ਫਸਲਾਂ ਦੇ ਨੁਕਸਾਨ ਦੀ ਪੂਰੀ ਭਰਪਾਈ ਲਈ ਸਰਕਾਰੀ ਬੀਮਾ ਯੋਜਨਾ ਨੀਤੀ ਬਣਾਈ ਜਾਵੇ। ਸਮੁੱਚੇ ਕਰਜ਼ਿਆਂ ਦੀਆਂ ਕਿਸ਼ਤਾਂ ਵਿਆਜ਼ ਮੁਆਫ਼ ਕਰਕੇ ਅੱਗੇ ਪਾਈਆਂ ਜਾਣ। ਜੇਕਰ ਕੇਂਦਰ ਤੇ ਪੰਜਾਬ ਸਰਕਾਰ ਨੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਅਣਗੌਲਿਆਂ ਕੀਤਾ ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।