ਬਰਨਾਲਾ: ਸ਼ਹਿਰ ਦੇ ਇੱਕ ਪੈਲੇਸ ਵਿੱਚ ਸ਼ਰਾਬੀ ਵਿਅਕਤੀ ਨੇ ਦੋ ਹਲਵਾਈਆਂ ਉੱਤੇ ਗਰਮ ਘਿਉ ਪਾ ਦਿੱਤਾ, ਜਿਸ ਨਾਲ ਦੋਵੇਂ ਹਲਵਾਈ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਜਿਨ੍ਹਾਂ ਵਿੱਚੋਂ ਇੱਕ ਨੂੰ ਪਟਿਆਲਾ ਹਸਪਤਾਲ ਵਿੱਚ ਰੈਫ਼ਰ ਕੀਤਾ ਗਿਆ ਹੈ ਅਤੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਸ਼ਰਾਬੀ ਵਿਅਕਤੀ ਨੇ ਜਿੱਥੇ ਗਰਮ ਘਿਓ ਪਾ ਕੇ ਦੋਵਾਂ ਹਲਵਾਈਆਂ ਨੂੰ ਸਾੜ ਦਿੱਤਾ, ਉੱਥੇ ਉਹ ਖੁਦ ਵੀ ਘਿਉ ਪੈਣ ਨਾਲ ਜ਼ਖਮੀ ਹੋ ਗਿਆ।
ਜਾਣਕਾਰੀ ਅਨੁਸਾਰ ਇਹ ਘਟਨਾ ਤੋਂ ਬਰਨਾਲਾ ਰੋਡ ਧਨੌਲਾ ਵਿਖੇ ਸਥਿਤ ਇੱਕ ਪੈਲੇਸ ਦੀ ਹੈ ਜਿੱਥੇ ਵਿਆਹ ਸਮਾਗਮ ਵਿੱਚ ਕੰਮ ਕਰਨ ਲਈ ਫਿਰੋਜ਼ਪੁਰ ਤੋਂ ਹਲਵਾਈਆਂ ਦੀ ਇੱਕ ਟੀਮ ਆਈ ਹੋਈ ਸੀ। ਇਹ ਹਲਵਾਈ ਵਿਆਹਾਂ ਵਿੱਚ ਨਾਨ ਵੈਜ ਬਣਾਉਣ ਦਾ ਕੰਮ ਕਰਦੇ ਹਨ। ਵਿਆਹ ਸਮਾਗਮ ਸਮਾਪਤ ਹੋਣ ਤੋਂ ਬਾਅਦ ਉਹ ਜਾਣ ਦੀ ਤਿਆਰੀ ਕਰਦੇ ਸਨ ਕਿ ਇੱਕ ਨਸ਼ੇ ਦੀ ਹਾਲਤ ਵਿੱਚ ਵਿਅਕਤੀ ਨੇ ਆ ਕੇ ਉਨ੍ਹਾਂ ਤੋਂ ਮੱਛੀ ਦੀ ਮੰਗ ਕੀਤੀ ਜਦੋਂ ਹਲਵਾਈਆਂ ਨੇ ਕੰਮ ਸਮਾਪਤ ਹੋਣ ਦੀ ਗੱਲ ਕਹੀ ਤਾਂ ਸ਼ਰਾਬੀ ਵਿਅਕਤੀ ਨੇ ਗੁੱਸੇ ਵਿੱਚ ਹਲਵਾਈਆਂ ਦੇ ਉੱਪਰ ਗਰਮ ਘਿਓ ਪਾ ਦਿੱਤਾ ਜਿਸ ਨਾਲ ਦੋਵੇਂ ਹਲਵਾਈ ਅਤੇ ਖੁਦ ਸ਼ਰਾਬੀ ਗਰਮ ਘਿਉ ਪੈਣ ਨਾਲ ਸੜ ਗਏ।
ਇਹ ਵੀ ਪੜ੍ਹੋ: ਆਈਯੂਐਮਐਲ ਨੇ ਨਾਗਰਿਕਤਾ ਸੋਧ ਬਿੱਲ ਦੇ ਵਿਰੁੱਧ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ
ਜ਼ਖ਼ਮੀ ਹਲਵਾਈਆਂ ਨੂੰ ਇਲਾਜ ਲਈ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ ਜਿੱਥੇ ਇੱਕ ਹਲਵਾਈ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਉਸ ਨੂੰ ਡਾਕਟਰਾਂ ਨੇ ਪਟਿਆਲਾ ਹਸਪਤਾਲ ਰੈਫ਼ਰ ਕਰ ਦਿੱਤਾ ਅਤੇ ਦੂਜੇ ਹਲਵਾਈ ਅਤੇ ਤੇਲ ਪਾਉਣ ਵਾਲੇ ਵਿਅਕਤੀ ਦਾ ਬਰਨਾਲਾ ਦੇ ਹਸਪਤਾਲ ਵਿੱਚ ਹੀ ਇਲਾਜ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਰਨਾਲਾ ਹਸਪਤਾਲ ਵਿੱਚ ਦਾਖ਼ਲ ਹਲਵਾਈ ਅਜੀਤ ਸਿੰਘ ਨੇ ਦੱਸਿਆ ਕਿ ਉਹ ਨਾਨ ਵੇਜ ਦਾ ਕੰਮ ਕਰਦੇ ਹਨ ਅਤੇ ਮੈਰੀਲੈਂਡ ਪੈਲੇਸ ਵਿੱਚ ਕੰਮ 'ਤੇ ਆਏ ਹੋਏ ਸਨ। ਕੰਮ ਦੀ ਸਮਾਪਤੀ ਤੋਂ ਬਾਅਦ ਉਹ ਜਾਣ ਦੀ ਤਿਆਰੀ ਕਰ ਰਹੇ ਸਨ ਕਿ ਇੱਕ ਵਿਅਕਤੀ ਆ ਕੇ ਉਨ੍ਹਾਂ ਨਾਲ ਝਗੜ ਪਿਆ। ਉਕਤ ਵਿਅਕਤੀ ਉਨ੍ਹਾਂ ਤੋਂ ਮੱਛੀ ਦੀ ਮੰਗ ਕਰ ਰਿਹਾ ਸੀ ਪਰ ਉਨ੍ਹਾਂ ਵੱਲੋਂ ਜਵਾਬ ਦੇਣ 'ਤੇ ਉਸ ਵਿਅਕਤੀ ਨੇ ਉਸ ਦੇ ਨਾਲ ਖੜ੍ਹੇ ਬੇਟੇ ਰਿੰਕੂ 'ਤੇ ਗਰਮ ਘਿਉ ਪਾ ਦਿੱਤਾ ਅਤੇ ਬਾਅਦ ਵਿੱਚ ਗਰਮ ਘਿਓ ਦੀ ਕੜਾਹੀ ਪਲਟ ਦਿੱਤੀ। ਜਿਸ ਨਾਲ ਗਰਮ ਘਿਉ ਦੇ ਛਿੱਟੇ ਉਸ 'ਤੇ ਵੀ ਪੈ ਗਏ ਅਤੇ ਖ਼ੁਦ ਉਹ ਵਿਅਕਤੀ ਵੀ ਜ਼ਖਮੀ ਹੋ ਗਿਆ।