ਬਰਨਾਲਾ : ਇੱਕ ਸ਼ਰਾਬੀ ਪਤੀ ਨੇ ਆਪਣੀ ਘਰ ਵਿੱਚ ਸੁੱਤੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਹ ਘਟਨਾ ਬਰਨਾਲਾ ਜ਼ਿਲ੍ਹੇ ਦੇ ਪਿੰਡ ਭੂਰੇ ਦੀ ਹੈ। ਜਿੱਥੇ ਸ਼ਰਾਬ ਦੇ ਨਸ਼ੇ ਵਿੱਚ ਟੱਲੀ ਪਤੀ ਨੇ ਘਟਨਾ ਨੂੰ ਅੰਜ਼ਾਮ ਦਿੱਤਾ। ਮ੍ਰਿਤਕਾ ਅਤੇ ਪਿੰਡ ਦੇ ਲੋਕਾਂ ਮੁਤਾਬਕ ਮੁਲਜ਼ਮ ਪਤੀ ਅਕਸਰ ਆਪਣੀ ਪਤਨੀ ਦੇ ਚਰਿੱਤਰ ਉੱਤੇ ਸ਼ੱਕ ਕਰਦਾ ਸੀ, ਜਿਸ ਕਰਕੇ ਘਰ ਵਿੱਚ ਲੜਾਈ ਝਗੜਾ ਰਹਿੰਦਾ ਸੀ। ਲੰਘੀ ਰਾਤ ਵੀ ਪਤੀ ਨੇ ਸ਼ਰਾਬੀ ਹਾਲਤ ਵਿੱਚ ਆਪਣੀ ਮ੍ਰਿਤਕ ਪਤਨੀ ਨਾਲ ਝਗੜਾ ਕੀਤਾ ਸੀ ਅਤੇ ਦੁਪਹਿਰ ਸਮੇਂ ਜਦੋਂ ਮ੍ਰਿਤਕਾ ਸੁੱਤੀ ਸੀ ਤਾਂ ਉਸ ਦਾ ਕਤਲ ਕਰ ਦਿੱਤਾ। ਘਟਨਾ ਉਪਰੰਤ ਪਤੀ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਵਲੋਂ ਮ੍ਰਿਤਕਾ ਦੀ ਲਾਸ਼ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕਾ ਦੇ ਭਰਾ ਵਕੀਲ ਸਿੰਘ, ਮ੍ਰਿਤਕਾ ਦੇ ਜੀਜੇ ਮੱਖਣ ਸਿੰਘ, ਪਿੰਡ ਵਾਸੀ ਜਗਦੇਵ ਸਿੰਘ ਅਤੇ ਪਿੰਡ ਭੂਰੇ ਦੇ ਸਰਪੰਚ ਗੁਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦਾ ਨਾਂਅ ਹਰਪ੍ਰੀਤ ਕੌਰ ਸੀ ਅਤੇ ਉਹ ਆਪਣੇ ਪਤੀ ਦੇ ਨਾਲ ਇੱਟਾਂ ਦੇ ਭੱਠੇ ਉੱਤੇ ਮਜ਼ਦੂਰੀ ਕਰਦੀ ਸੀ। ਮ੍ਰਿਤਕਾ ਦੇ ਪਤੀ ਨੇ ਲੰਘੀ ਰਾਤ ਸ਼ਰਾਬ ਦੀ ਹਾਲਤ ਵਿੱਚ ਪਹਿਲਾਂ ਉਸ ਨਾਲ ਲੜਾਈ ਝਗੜਾ ਕੀਤਾ ਅਤੇ ਸਵੇਰੇ ਤੇਜ਼ਧਾਰ ਹਥਿਆਰ ਨਾਲ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਮ੍ਰਿਤਕਾ ਦਾ ਪਤੀ ਉਸ ਉੱਤੇ ਨਜ਼ਾਇਜ ਸੰਬੰਧ ਹੋਣ ਕਰਕੇ ਉਸ ਦੇ ਚਰਿੱਤਰ ’ਤੇ ਸ਼ੱਕ ਕਰਦਾ ਸੀ ਅਤੇ ਇਸੇ ਕਾਰਨ ਮੁਲਜ਼ਮ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਮ੍ਰਿਤਕਾ ਦੇ ਵਿਆਹ ਨੂੰ ਕਰੀਬ 13 ਸਾਲ ਹੋ ਚੁੱਕੇ ਹਨ ਅਤੇ ਉਸ ਦੇ ਦੋ ਛੋਟੇ-ਛੋਟੇ ਬੱਚੇ ਹੈ।
ਇਸ ਸਬੰਧੀ ਥਾਣਾ ਧਨੌਲਾ ਦੇ ਐਸਐਚਓ ਵਿਜੈ ਕੁਮਾਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਪਿੰਡ ਭੂਰੇ ਵਿੱਚ ਇੱਕ ਵਿਅਕਤੀ ਨੇ ਆਪਣੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਮੁਲਜ਼ਮ ਦੇ ਖਿਲਾਫ਼ ਮਾਮਲਾ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ ਹੈ ਅਤੇ ਛੇਤੀ ਹੀ ਉਸ ਕਾਬੂ ਕਰ ਲਿਆ ਜਾਵੇਗਾ।