ਬਰਨਾਲਾ: ਪੰਜਾਬ ਵਿੱਚ ਕਰਜ਼ੇ ਦੇ ਕਾਰਨ ਕਿਸਾਨਾਂ ਵੱਲੋਂ ਖ਼ੁਦਕੁਸ਼ੀ ਕਰਨ ਦਾ ਦੌਰ ਲਗਾਤਾਰ ਜਾਰੀ ਹੈ। ਬਰਨਾਲਾ ਜ਼ਿਲ੍ਹੇ ਦੇ ਪਿੰਡ ਸੁਖਪੁਰਾ ਮੌੜ ਵਿਖੇ ਇੱਕ ਨੌਜਵਾਨ ਕਿਸਾਨ ਵੱਲੋਂ ਕਰਜ਼ੇ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਈ ਗਈ। ਮ੍ਰਿਤਕ ਕਿਸਾਨ ਅਮਨਦੀਪ ਸਿੰਘ 32 ਸਾਲ ਦਾ ਸੀ, ਜਿਸ ਕੋਲ ਸਿਰਫ਼ ਅੱਧਾ ਏਕੜ ਜ਼ਮੀਨ ਸੀ ਅਤੇ 10 ਲੱਖ ਦੇ ਕਰੀਬ ਕਰਜ਼ਾ ਸੀ, ਜਿਸ ਤੋਂ ਦੁਖੀ ਹੋ ਕੇ ਉਸਨੇ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ।
ਮ੍ਰਿਤਕ ਦੇ ਪਰਿਵਾਰ ਨੇ ਦੱਸਿਆ ਕਿ ਪੰਜਾਬ ਵੱਲੋਂ ਉਨ੍ਹਾਂ ਨੂੰ ਕੋਈ ਕਰਜ਼ਾਮਾਫ਼ੀ ਵੀ ਨਹੀਂ ਦਿੱਤੀ ਗਈ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮ੍ਰਿਤਕ ਦੇ ਪਰਿਵਾਰ ਦਾ ਕਰਜ਼ਾ ਮਾਫ਼ ਕਰਕੇ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਨੱਥਾ ਸਿੰਘ ਨੇ ਦੱਸਿਆ ਕਿ ਮ੍ਰਿਤਕ ਅਮਨਦੀਪ ਸਿੰਘ ਦੀ ਉਮਰ 32 ਸਾਲ ਸੀ। ਉਹ ਤਿੰਨ ਭਰਾ ਹਨ। ਤਿੰਨਾਂ ਕੋਲ ਸਿਰਫ਼ 2 ਏਕੜ ਜ਼ਮੀਨ ਹੈ ਪਰ ਉਹ 10 ਏਕੜ ਦੇ ਕਰੀਬ ਜ਼ਮੀਨ ਠੇਕੇ ’ਤੇ ਲੈ ਕੇ ਖੇਤੀ ਕਰਦੇ ਹਨ। ਮ੍ਰਿਤਕ ਦੇ ਸਿਰ 10 ਲੱਖ ਦੇ ਕਰੀਬ ਬੈਂਕਾਂ ਆਦਿ ਦਾ ਕਰਜ਼ਾ ਸੀ, ਜਿਸ ਕਾਰਨ ਉਹ ਅਕਸਰ ਪ੍ਰੇਸ਼ਾਨ ਰਹਿੰਦਾ ਸੀ। ਬੀਤੀ ਰਾਤ ਮ੍ਰਿਤਕ ਨੇ ਆਪਣੇ ਖੇਤ ਜਾ ਕੇ ਜ਼ਹਿਰੀਲੀ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਠੇਕੇ ’ਤੇ ਲਈ ਜ਼ਮੀਨ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀ ਪਰ ਸਾਰੀ ਫ਼ਸਲ ਨੂੰ ਚੂਹੇ ਖਾ ਗਏ, ਜਿਸ ਕਾਰਨ ਪੂਰੀ ਫ਼ਸਲ ਬਰਬਾਦ ਹੋ ਗਈ। ਪੰਜਾਬ ਸਰਕਾਰ ਦੀ ਕਰਜ਼ਾਮਾਫ਼ੀ ਵੀ ਉਨ੍ਹਾਂ ਦੇ ਪਰਿਵਾਰ ਨੂੰ ਕੋਈ ਲਾਭ ਨਹੀਂ ਮਿਲਿਆ। ਮ੍ਰਿਤਕ ਕੋਲ ਅੱਧਾ ਏਕੜ ਜ਼ਮੀਨ ਹੋਣ ਦੇ ਬਾਵਜੂਦ ਕਰਜ਼ਾਮਾਫ਼ੀ ਨਹੀਂ ਮਿਲੀ। ਪਿੰਡ ਦੇ ਸਰਪੰਚ ਗੁਰਦੇਵ ਸਿੰਘ, ਗੁਰਮੀਤ ਸਿੰਘ ਸੁਖਪੁਰਾ ਅਤੇ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਕੁਲਦੀਪ ਸਿੰਘ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰ ਦੀ ਪੰਜਾਬ ਸਰਕਾਰ ਸਾਰਾ ਕਰਜ਼ਾ ਮਾਫ਼ ਕਰੇ ਅਤੇ ਪਰਿਵਾਰ ਨੂੰ ਮੁਆਵਜ਼ਾ ਦੇ ਕੇ ਆਰਥਿਕ ਮਦਦ ਕੀਤੀ ਜਾਵੇ।
ਇਹ ਵੀ ਪੜੋ:ਸੁਖਬੀਰ ਬਾਦਲ ਨੇ ਡੇਰਾ ਪ੍ਰੇਮੀ ਵੀਰਪਾਲ ਵਿਰੁੱਧ ਕਰਵਾਇਆ ਮਾਮਲਾ ਦਰਜ