ਬਰਨਾਲਾ: ਕੁੱਲ ਹਿੰਦ ਸਿੱਖਿਆ ਅਧਿਕਾਰ ਮੰਚ ਜ਼ਿਲ੍ਹਾ ਬਰਨਾਲਾ ਦੀ ਮੀਟਿੰਗ ਬਿੱਕਰ ਸਿੰਘ ਔਲਖ ਦੀ ਅਗਵਾਈ ਵਿੱਚ ਤਰਕਸ਼ੀਲ ਭਵਨ ਵਿਖੇ ਹੋਈ। ਇਸ ਮੀਟਿੰਗ ਵਿੱਚ ਨਵੀਂ ਸਿੱਖਿਆ ਨੀਤੀ ਬਾਰੇ ਵਿਚਾਰ ਚਰਚਾ ਕੀਤੀ ਗਈ।
ਡੀਟੀਐੱਫ ਦੇ ਸੂਬਾ ਆਗੂ ਗੁਰਮੀਤ ਸੁਖਪੁਰਾ ਅਤੇ ਰਾਜੀਵ ਬਰਨਾਲਾ ਨੇ ਕਿਹਾ ਕਿ 1990-91 ਤੋਂ ਬਾਅਦ ਲਾਗੂ ਕੀਤੀ ਗਈ। ਆਰਥਿਕ ਸੁਧਾਰਾਂ ਦੀ ਪ੍ਰਕਿਰਿਆ ਤਹਿਤ ਸਿੱਖਿਆ ਖੇਤਰ ਨੂੰ ਨਿੱਜੀ ਖੇਤਰ ਦੇ ਹਵਾਲੇ ਕੀਤਾ ਜਾ ਰਿਹਾ ਹੈ। ਇਸ ਨੀਤੀ ਦੀ ਮਾਰ ਹੇਠ ਯੂਨੀਵਰਸਿਟੀਆਂ ਤੋਂ ਲੈਕੇ ਪ੍ਰਾਇਮਰੀ ਸਿੱਖਿਆ ਤੱਕ ਨੂੰ ਵੱਡੇ ਵਪਾਰਕ ਘਰਾਣਿਆਂ ਦੀ ਜਗੀਰ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ 2014 ਵਿੱਚ ਮੋਦੀ ਹਕੂਮਤ ਵੱਲੋਂ ਸੱਤਾ ਸੰਭਾਲਣ ਤੋਂ ਬਾਅਦ ਸਿੱਖਿਆ ਦੇ ਖੇਤਰ ਵਿੱਚ ਨਿੱਜੀਕਰਨ ਦੇ ਨਾਲ ਆਪਣਾ ਭਗਵਾਂ ਏਜੰਡਾ ਬਹੁਤ ਤੇਜ਼ੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ। ਸਿੱਖਿਆ ਨੀਤੀ-2020 ਇਸੇ ਕੜੀ ਦਾ ਸੂਖਮ ਜਾਰੀ ਰੂਪ ਹੈ। ਇਸ ਕਰਕੇ ਕੁੱਲ ਹਿੰਦ ਸਿੱਖਿਆ ਅਧਿਕਾਰ ਮੰਚ ਮੁਲਕ ਪੱਧਰ 'ਤੇ ਮੋਦੀ ਹਕੂਮਤ ਦੇ ਸਿੱਖਿਆ ਦੇ ਮੁੱਢਲਾ ਅਧਿਕਾਰ ਅਤੇ ਭਗਵਾਂ ਕਰਨ ਦੇ ਲੋਕ ਵਿਰੋਧੀ ਹਮਲੇ ਖਿਲਾਫ਼ ਮੁਲਕ ਪੱਧਰੀ ਸੰਘਰਸ਼ ਕਰਨ ਦੀ ਕੜੀ ਵਜੋਂ ਕਨਵੈਨਸ਼ਨਾਂ ਕੀਤੀਆਂ ਜਾ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਤਰਕਸ਼ੀਲ ਭਵਨ ਬਰਨਾਲਾ ਵਿਖੇ 9 ਅਪ੍ਰੈਲ ਨੂੰ ਸਵੇਰੇ 10.30 ਵਜੇ ਕਰਵਾਈ ਜਾ ਰਹੀ ਕਨਵੈਨਸ਼ਨ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਗਿਆ। ਆਗੂਆਂ ਨੇ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਸਿੱਖਿਆ ਦੇ ਬੁਨਿਆਦੀ ਹੱਕ ਉੱਪਰ ਮਾਰੇ ਜਾ ਰਹੇ ਡਾਕੇ, ਸਿੱਖਿਆ ਖੇਤਰ ਦੇ ਕੀਤੇ ਜਾ ਰਹੇ ਭਗਵਾਕਰਨ ਖਿਲਾਫ਼ 9 ਅਪ੍ਰੈਲ ਨੂੰ ਕੀਤੀ ਜਾ ਰਹੀ ਕਨਵੈਨਸ਼ਨ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣ।
ਇਸ ਕਨਵੈਨਸ਼ਨ ਵਿੱਚ ਡਾ. ਕੁਲਦੀਪ ਪੁਰੀ ਰਿਟਾਇਰਡ, ਪ੍ਰੋ. ਪੰਜਾਬ ਯੂਨੀਵਰਸਿਟੀ ਅਤੇ ਡਾ. ਕੁਲਦੀਪ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਮੁੱਖ ਵਕਤਾ ਹੋਣਗੇ। ਇਸ ਮੀਟਿੰਗ ਵਿੱਚ ਹਰਦੀਪ ਸਿੰਘ ਟੱਲੇਵਾਲ, ਬਾਬੂ ਸਿੰਘ ਖੁੱਡੀਕਲਾਂ, ਹੇਮ ਰਾਜ ਸਟੈਨੋ, ਸੁਖਵਿੰਦਰ ਸਿੰਘ, ਬਲਦੇਵ ਮੰਡੇਰ, ਚਮਕੌਰ ਸਿੰਘ ਨੈਣੇਵਾਲ, ਗੁਰਮੇਲ ਸਿੰਘ ਠੁੱਲੀਵਾਲ, ਹਰਚਰਨ ਚਹਿਲ, ਸੋਹਣ ਸਿੰਘ , ਪਿਸ਼ੌਰਾ ਸਿੰਘ, ਲਾਭ ਸਿੰਘ ਅਕਲੀਆ, ਨਰਿੰਦਰ ਪਾਲ ਸਿੰਗਲਾ ਆਦਿ ਆਗੂ ਹਾਜ਼ਰ ਹੋਏ।
ਇਹ ਵੀ ਪੜ੍ਹੋ: ਪਹਿਲਾ ਮੁਫ਼ਤ ਬਿਜਲੀ ਦਾ ਵਾਅਦਾ ਪੂਰਾ ਕਰਨ ਤੋਂ ਹੀ ਭੱਜੀ ਆਪ ! ਵਿਰੋਧੀਆਂ ਨੇ ਘੇਰੀ ਮਾਨ ਸਰਕਾਰ