ਬਰਨਾਲਾ: ਸਰਕਾਰੀ ਸਕੂਲਾਂ (Government schools) ਵਿੱਚ ਬਹੁਗਿਣਤੀ ਅਧਿਆਪਕ ਕੱਚੇ ਹਨ ਪਰ ਇਹਨਾਂ ਅਧਿਆਪਕਾਂ ਵਲੋਂ ਪੜ੍ਹਾਏ ਬੱਚਿਆਂ ਦੇ ਨਤੀਜੇ ਪੱਕੇ ਆ ਰਹੇ ਹਨ। ਪਿਛਲੇ ਦਿਨੀਂ ਹੋਈ ਨਵੋਦਿਆ ਪ੍ਰੀਖਿਆ ਵਿੱਚ ਇਹਨਾਂ ਕੱਚੇ ਅਧਿਆਪਕਾਂ ਦੇ ਪੜ੍ਹਾਏ ਵਿਦਿਆਰਥੀ ਇਹ ਪ੍ਰੀਖਿਆ ਪਾਸ ਕਰਨ ਵਿੱਚ ਸਫਲ ਹੋਏ ਹਨ।
11 ਅਗਸਤ ਨੂੰ ਹੋਈ ਸੈਂਟਰ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਵੱਲੋਂ ਜਵਾਹਰ ਨਵੋਦਿਆ ਸਿਲੈਕਸ਼ਨ ਟੈਸਟ (ਛੇਂਵੀ ਜਮਾਤ ਦੇ ਦਾਖਲੇ ਲਈ) ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਇਸ ਪ੍ਰੀਖਿਆ ਵਿੱਚ 17 ਵਿਦਿਆਰਥੀ ਉਹ ਹਨ ਜਿਹਨਾਂ ਨੂੰ ਸਰਕਾਰੀ ਸਕੂਲਾਂ ਦੇ ਸਿੱਖਿਆ ਪ੍ਰੋਵਾਈਡਰਾਂ ਵੱਲੋਂ ਪੜ੍ਹਾਇਆ ਗਿਆ ਜਿਸ ਨਾਲ ਜਿੱਥੇ ਸਰਕਾਰੀ ਸਕੂਲਾਂ ਦਾ ਮਾਣ ਵਧਿਆ ਹੈ, ਉਥੇ ਇਹਨਾਂ ਅਧਿਆਪਕਾਂ ਦੀ ਚੰਗੀ ਕਾਰਗੁਜ਼ਾਰੀ ਸਾਹਮਣੇ ਆਈ ਹੈ।
ਇਸ ਪ੍ਰੀਖਿਆ ਵਿੱਚ ਬਰਨਾਲਾ ਜ਼ਿਲ੍ਹੇ ਦੇ ਸਿੱਖਿਆ ਪ੍ਰੋਵਾਈਡਰ ਅਧਿਆਪਕ ਰਾਜਨ ਗੁਪਤਾ ਸਪ੍ਰਸ ਜੰਗੀਆਣਾ ਦੇ 6 ਬੱਚੇ, ਸਿਕੰਦਰ ਅਲੀ ਸਪ੍ਰਸ ਮੋੜਾਂ ਦੇ 4, ਰਣਜੀਤ ਸਿੰਘ ਸਪ੍ਰਸ ਭੈਣੀਫੱਤਾ ਦੇ 2, ਸੁਖਚਰਨਪ੍ਰੀਤ ਕੌਰ ਸਪ੍ਰਸ ਸ਼ਹਿਣਾ ਦੇ 2, ਗੁਰਪ੍ਰੀਤ ਸਿੰਘ ਭੋਤਨਾ ਸਪ੍ਰਸ ਭੋਤਨਾ ਦੇ 1, ਰਮਨੀਕ ਕੌਰ ਠੀਕਰੀਵਾਲ ਸਪ੍ਰਸ ਚੰਨਣਵਾਲ ਦੇ 1, ਕਿਰਨਦੀਪ ਕੌਰ ਸਪ੍ਰਸ ਗੁੰਮਟੀ ਦੇ 1 ਬੱਚੇ ਨੇ ਨਵੋਦਿਆ ਟੈਸਟ ਪਾਸ ਕੀਤਾ ਹੈ।
ਇਹਨਾਂ ਬੱਚਿਆਂ ਵਿੱਚੋਂ ਸਰਕਾਰੀ ਪ੍ਰਾਇਮਰੀ ਸਕੂਲ ਭੋਤਨਾ ਦੇ ਨਵੋਦਿਆ ਪਾਸ ਕਰਵ ਵਾਲੇ ਵਿਦਿਆਰਥੀ ਦਾ ਸਮੂਹ ਸਕੂਲ ਸਟਾਫ ਵੱਲੋਂ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ ਗਈ। ਉੱਥੇ ਪਿੰਡ ਚੀਮਾ ਦੀਆਂ ਬੱਚੀਆਂ ਦਾ ਸਮੁੱਚੇ ਪਿੰਡ ਉੱਤੋਂ ਦੀ ਚੱਕਰ ਲਗਾ ਕੇ ਪਿੰਡ ਵਾਸੀਆਂ ਵਲੋਂ ਸਨਮਾਨ ਕੀਤਾ ਗਿਆ।
ਸਿੱਖਿਆ ਪ੍ਰੋਵਾਈਡਰ ਅਧਿਆਪਕ ਯੂਨੀਅਨ ਦੇ ਸਟੇਟ ਆਗੂ ਤੇ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਭੋਤਨਾ ਕਿਹਾ ਕਿ ਇਹ ਨਤੀਜਾ ਸਾਡੇ ਲਈ ਬੜੇ ਮਾਣ 'ਤੇ ਖੁਸ਼ੀ ਵਾਲੀ ਗੱਲ ਹੈ। ਪਿਛਲੇ 10-12 ਸਾਲਾਂ ਤੋਂ ਲੈ ਕੇ ਸਿੱਖਿਆ ਪ੍ਰੋਵਾਈਡਰਾਂ ਵਲੋਂ ਸੇਵਾਵਾਂ ਸਖ਼ਤ ਮਿਹਨਤ ਤੇ ਪੂਰੀ ਤਨਦੇਹੀ ਨਾਲ ਨਿਭਾਈਆਂ ਜਾ ਰਹੀਆਂ ਹਨ। ਇਸ ਵਾਰ ਵੀ ਸ਼ੈਸ਼ਨ-2021ਦੇ ਨਵੋਦਿਆ ਟੈਸਟ ਜ਼ਿਲ੍ਹਾ ਬਰਨਾਲਾ ਵਿਚੋਂ ਸਿੱਖਿਆ ਪ੍ਰੋਵਾਈਡਰਾਂ ਦੇ 17 ਬੱਚੇ ਪਾਸ ਹੋਏ ਹਨ। ਪ੍ਰੰਤੂ ਏਨੀ ਮਿਹਨਤ ਨਾਲ ਪੜ੍ਹਾਈ ਕਰਵਾਉਣ ਵਾਲੇ ਅਧਿਆਪਕਾਂ ਲਈ ਸਰਕਾਰ ਕੁੱਝ ਖਾਸ ਨਹੀਂ ਕਰ ਰਹੀ। ਜਿਸ ਕਰਕੇ ਸੂਬਾ ਸਰਕਾਰ ਤੇ ਸਿੱਖਿਆ ਵਿਭਾਗ ਨੂੰ ਚਾਹੀਦਾ ਹੈ ਕਿ ਕੱਚੇ ਸਿੱਖਿਆ ਪ੍ਰੋਵਾਈਡਰਾਂ ਨੂੰ ਜਲਦ ਰੈਗੂਲਰ ਕਰਕੇ ਮਾਣ ਵਧਾਇਆ ਜਾਵੇ।
ਇਹ ਵੀ ਪੜ੍ਹੋ:ਦੋ ਸੂਬਿਆਂ ‘ਚ ਕਿਸਾਨ ਪਾਉਣਗੇ ਭੜਥੂ, ਵੱਡੇ ਨਿਸ਼ਾਨੇ ‘ਤੇ ਅੱਖ !