ਬਰਨਾਲਾ: ਸਿਹਤ ਵਿਭਾਗ ਵੱਲੋਂ ਸਖਤੀ ਵਰਤਦਿਆਂ ਕਸਬਾ ਭਦੌੜ ਵਿਖੇ ਤੰਬਾਕੂਨੋਸ਼ੀ ਅਤੇ ਸਿਗਰਟਨੋਸ਼ੀ ਵਾਲਿਆਂ ਦੀਆਂ ਦੁਕਾਨਾਂ ਅਤੇ ਖੋਖਿਆਂ ਦੀ ਚੈਕਿੰਗ ਕੀਤੀ ਗਈ ਅਤੇ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਵੀ ਕੱਟੇ ਗਏ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗਿਆਨ ਸਿੰਘ ਸੁਪਰਵਾਈਜ਼ਰ ਤੇ ਬਲਵਿੰਦਰ ਰਾਮ ਸੁਪਰਵਾਈਜ਼ਰ ਵੱਲੋਂ ਦੱਸਿਆ ਗਿਆ ਕਿ ਮਾਣਯੋਗ ਸਿਵਲ ਸਰਜਨ ਬਰਨਾਲਾ ਜਸਬੀਰ ਸਿੰਘ ਔਲਖ (Civil Surgeon Jasbir Singh Aulakh) ਦੇ ਦਿਸ਼ਾ ਨਿਰਦੇਸ਼ਾਂ ਤੇ ਐੱਸਐੱਮਓ ਤਪਾ ਡਾ.ਨਵਜੋਤ ਸਿੰਘ ਭੁੱਲਰ (SMO Tapa Dr. Navjot Singh Bhullar) ਦੀ ਅਗਵਾਈ ਹੇਠ ਵੱਖ ਵੱਖ ਸ਼ਹਿਰਾਂ ਅਤੇ ਕਸਬਿਆਂ ਵਿੱਚ ਜਨਤਕ ਥਾਵਾਂ ਉੱਤੇ ਤੰਬਾਕੂਨੋਸ਼ੀ ਅਤੇ ਸਿਗਰਟਨੋਸ਼ੀ ਐਕਟ ਅਧੀਨ ਚੈਕਿੰਗ ਕੀਤੀ ਜਾ ਰਹੀ ਹੈ। ਜਿਸ ਦੇ ਸਬੰਧ ਵਿਚ ਸ਼ਹਿਰ ਭਦੌੜ ਵਿਖੇ ਵੀ ਜਨਤਕ ਥਾਵਾਂ ਉੱਤੇ ਤੰਬਾਕੂਨੋਸ਼ੀ ਅਤੇ ਸਿਗਰਟਨੋਸ਼ੀ ਐਕਟ ਅਧੀਨ ਉਲੰਘਣਾ ਕਰਨ ਵਾਲਿਆਂ ਦੀਆਂ ਦੁਕਾਨਾਂ ਅਤੇ ਖੋਖਿਆਂ ਦੀ ਚੈਕਿੰਗ ਕੀਤੀ ਗਈ।

ਸਿਹਤ ਵਿਭਾਗ ਦੇ ਨਿਯਮ ਅਤੇ ਸ਼ਰਤਾਂ ਪੂਰੀਆਂ ਨਾ ਕਰਨ ਅਤੇ ਉਲੰਘਣਾ ਕਰਨ ਵਾਲਿਆਂ ਦੇ ਮੌਕੇ 'ਤੇ ਹੀ ਚਲਾਨ ਕੱਟ ਕੇ ਜੁਰਮਾਨੇ ਵਸੂਲੇ ਗਏ ਹਨ। ਅੱਗੇ ਤੋਂ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਜਲਦ ਹੀ ਸਿਹਤ ਵਿਭਾਗ ਦੀਆਂ ਨਿਯਮ ਅਤੇ ਸ਼ਰਤਾਂ ਨਾਂ ਪੂਰੀਆਂ ਕੀਤੀਆਂ ਗਈਆਂ ਤਾਂ ਉਨ੍ਹਾਂ ਖ਼ਿਲਾਫ਼ ਕਾਨੂੰਨੀ ਤੌਰ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਗਿਆਨ ਸਿੰਘ ਸੁਪਰਵਾਈਜ਼ਰ ਤੇ ਬਲਵਿੰਦਰ ਰਾਮ ਸੁਪਰਵਾਈਜ਼ਰ ਤੋਂ ਇਲਾਵਾ ਬਲਜਿੰਦਰਪਾਲ ਸਿੰਘ ਤੇ ਗੁਰਸੇਵਕ ਸਿੰਘ ਸਿਹਤ ਕਰਮਚਾਰੀ ਵੀ ਉਨ੍ਹਾਂ ਨਾਲ ਮੌਜੂਦ ਸਨ।

ਇਹ ਵੀ ਪੜ੍ਹੋ:- 'ਆਪ' ਵਿਧਾਇਕ ਦੇ ਵਿਗੜ੍ਹੇ ਬੋਲ, ਮਰਿਆਦਾ ਭੁੱਲੇ ਦੇਵ ਮਾਨ