ਬਰਨਾਲਾ: ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਸੂਬਾ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਚ ਪ੍ਰਮੁੱਖ ਤੌਰ ਫਸਲਾਂ ਦੇ ਮੁਆਵਜ਼ੇ 'ਚ ਜ਼ਮੀਨੀ ਪੱਧਰ 'ਤੇ ਹੋ ਰਹੀ ਢਿੱਲ ਦੇ ਮੱਦੇਨਜ਼ਰ ਜ਼ਿਲ੍ਹਾ ਖੇਤੀਬਾੜੀ ਅਫ਼ਸਰਾਂ ਦਾ 6 ਅਪ੍ਰੈਲ ਅਤੇ 7 ਅਪ੍ਰੈਲ ਘਿਰਾਓ ਕਰਨ ਦਾ ਮਤਾ ਸਰਬਸੰਮਤੀ ਪਾਸ ਕੀਤਾ ਗਿਆ। ਕਿਉਂਕਿ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਜ਼ਮੀਨੀ ਪੱਧਰ 'ਤੇ ਫ਼ਸਲ ਦੇ ਹੋਏ ਖ਼ਰਾਬੇ ਦੀ ਰਿਪੋਰਟ ਸਰਕਾਰ ਨੂੰ ਦੇਣ 'ਚ ਕੋਤਾਹੀ ਵਰਤ ਰਹੇ ਹਨ।
ਇਹ ਵੀ ਪੜੋ: Navjot Sidhu visit Sidhu Moosewala's house: ਅੱਜ ਸਿੱਧੂ ਮੂਸੇਵਾਲਾ ਦੇ ਘਰ ਜਾਣਗੇ ਨਵਜੋਤ ਸਿੱਧੂ
ਸੂਬਾ ਪ੍ਰਧਾਨ ਬੁਰਜਗਿੱਲ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਫ਼ਸਲਾਂ ਦੇ ਮੁਆਵਜੇ ਦੀ 50 ਹਜ਼ਾਰ ਪ੍ਰਤੀ ਏਕੜ ਦੀ ਮੰਗ ਕਰਦੀ ਹੈ, ਪਰ ਅਗਰ ਸੂਬੇ ਦਾ ਮੁੱਖ ਮੰਤਰੀ 12000 ਸਰਕਾਰੀ ਮੁਆਵਜ਼ੇ ਚ 25 ਫ਼ੀਸਦੀ ਵਾਧੇ ਦਾ ਐਲਾਨ ਕਰਕੇ 15000 ਪ੍ਰਤੀ ਏਕੜ ਦੇਣ ਦਾ ਐਲਾਨ ਕਰਦਾ ਹੈ ਤਾਂ ਕੇਂਦਰ ਸਰਕਾਰ ਵੱਲੋਂ ਪੰਜਾਬ ਸਰਕਾਰ ਦੇ ਮੁਆਵਜ਼ੇ ਦਾ ਅੱਧ ਭਾਵ 7500 ਸੈਂਟਰ ਨੇ ਕੁਦਰਤੀ ਆਫ਼ਤਾਂ ਫੰਡ ਨੂੰ ਦੇਣਾ ਹੁੰਦਾ ਇਸ ਵਾਰੇ ਵੀ ਸਥਿਤੀ ਸਪਸ਼ਟ ਕਰੇ। ਸੈਂਟਰ ਸਰਕਾਰ ਨੇ ਖਰਾਬ ਮੌਸਮ ਕਾਰਨ ਜੋ ਅਸਰ ਕਣਕ ਕੁਆਲਿਟੀ 'ਤੇ ਪਿਆ, ਉਸ ਬਾਬਤ ਮੱਧ ਪ੍ਰਦੇਸ਼ 'ਚ ਢਿੱਲ ਦਿੱਤੀ ਗਈ ਹੈ, ਪ੍ਰੰਤੂ ਪੰਜਾਬ ਨਾਲ ਢਿੱਲ ਨਾ ਦੇਕੇ ਵਿਤਕਰਾ ਕੀਤਾ ਜਾ ਰਿਹਾ ਹੈ। ਸੋ ਪੰਜਾਬ 'ਚ ਵੀ ਖਰੀਦ ਸਮੇਂ ਢਿੱਲ ਦਿੱਤੀ ਜਾਵੇ।
ਇਸਦੇ ਨਾਲ ਹੀ ਸੂਬਾ ਕਮੇਟੀ 'ਚ ਆਗੂਆ ਦੀ ਪਈ ਘਾਟ ਨੂੰ ਪੂਰਾ ਕਰਨ ਲਈ ਸਮੂਹ ਸੂਬਾ ਕਮੇਟੀ ਆਗੂਆਂ, ਜ਼ਿਲ੍ਹਾ ਪ੍ਰਧਾਨਾਂ ਅਤੇ ਜਰਨਲ ਸਕੱਤਰਾਂ ਨੇ ਸਰਬਸੰਮਤੀ ਨਾਲ ਗੁਰਮੀਤ ਸਿੰਘ ਭੱਟੀਵਾਲ ਨੂੰ ਸੂਬੇ ਦਾ ਸੀਨੀਅਰ ਮੀਤ ਪ੍ਰਧਾਨ ਅਤੇ ਇੰਦਰਪਾਲ ਸਿੰਘ ਬਰਨਾਲਾ ਨੂੰ ਸੂਬੇ ਦਾ ਪ੍ਰੈਸ ਸਕੱਤਰ ਚੁਣਿਆ ਗਿਆ। ਮੀਟਿੰਗ ਦੌਰਾਨ ਇਹ ਵੀ ਸਰਬਸਮਤੀ ਨਾਲ ਫੈਸਲਾ ਲਿਆ ਗਿਆ ਜਥੇਬੰਦੀ ਦੀ ਮੈਂਬਰਸ਼ਿਪ ਮੁਹਿੰਮ ਸੰਘਰਸ਼ਾਂ ਕਾਰਨ ਲੰਮੇ ਸਮੇਂ ਤੋਂ ਬੰਦ ਪਈ ਹੈ, ਹੁਣ ਮੈਂਬਰਸ਼ਿਪ ਮੁਹਿੰਮ ਨੂੰ ਅਗਲੇ ਦੋ ਮਹੀਨੇ ਪਿੰਡ ਪਿੰਡ ਚਲਾਇਆ ਜਾਵੇਗਾ। ਇਸ ਮੁਹਿੰਮ ਦੇ ਪੂਰਾ ਹੋਣ ਤੋ ਬਾਅਦ ਜ਼ਿਲ੍ਹਾ ਇਜਲਾਸ ਅਤੇ ਸੂਬਾ ਇਜਲਾਸ ਦੀਆ ਜ਼ੋਰਾਂ ਸ਼ੋਰਾਂ ਨਾਲ ਤਿਆਰੀਆਂ ਕੀਤੀਆਂ ਜਾਣਗੀਆਂ।