ਬਰਨਾਲਾ: ਚੰਗੇ ਭਵਿੱਖ ਦਾ ਸੁਪਨਾ ਲੈ ਕੇ ਇੰਗਲੈਂਡ ਗਏ ਨੌਜਵਾਨ ਦੀ ਉੱਥੇ ਮੌਤ ਹੋ ਗਈ। ਇਹ ਨੌਜਵਾਨ ਹਲਕਾ ਭਦੌੜ ਦੇ ਪਿੰਡ ਜਗਜੀਤਪੁਰ ਦਾ ਰਹਿਣ ਵਾਲਾ ਸੀ, ਉਹ ਇੱਕ ਸਾਲ ਪਹਿਲਾਂ ਇੰਗਲੈਂਡ ਗਿਆ ਸੀ। ਉਸ ਦੀ ਮੌਤ ਦਾ ਕਾਰਨ ਬ੍ਰੇਨ ਹੈਮਰੇਜ ਦੱਸਿਆ ਜਾ ਰਿਹਾ ਹੈ। ਕਰੀਬ 20 ਦਿਨ ਪਹਿਲਾਂ ਜ਼ਿਲ੍ਹੇ ਦੇ ਪਿੰਡ ਹਮੀਦੀ ਦੀ ਮਨਪ੍ਰੀਤ ਕੌਰ ਦੀ ਕੈਨੇਡਾ ਵਿੱਚ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਜ਼ਿਲ੍ਹੇ ਵਿੱਚ ਇਹ ਦੂਜੀ ਘਟਨਾ ਹੈ।
ਪਿੰਡ ਜਗਜੀਤਪੁਰ ਦੇ ਪੰਚ ਤੇ ਮ੍ਰਿਤਕ ਦੇ ਚਾਚੇ ਦੇ ਪੁੱਤਰ ਮਨਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦਾ ਨਾਂ ਜਗਤਾਰ ਸਿੰਘ ਸੀ ਤੇ ਉਸ ਦੀ ਉਮਰ ਕਰੀਬ 37 ਸਾਲ ਸੀ। ਉਸ ਦੇ ਇੱਥੇ ਵਿਆਹ ਨੂੰ ਕਰੀਬ 4 ਸਾਲ ਹੋ ਗਏ ਸਨ, ਉਹ ਕਰੀਬ 1 ਸਾਲ ਪਹਿਲਾਂ ਆਪਣੇ ਚੰਗੇ ਭਵਿੱਖ ਦਾ ਸੁਪਨਾ ਲੈ ਕੇ ਇੰਗਲੈਂਡ ਗਿਆ ਸੀ, ਉਸ ਦੀ ਪਤਨੀ ਦਾ ਸਟੱਡੀ ਵੀਜ਼ਾ ਸੀ ਅਤੇ ਉਹ ਆਪਣੀ ਪਤਨੀ ਨਾਲ ਗਿਆ ਸੀ ਤਾਂ ਜੋ ਉਹ ਆਪਣੀ ਪਤਨੀ ਦੀ ਪੜ੍ਹਾਈ ਦੇ ਨਾਲ-ਨਾਲ ਉੱਥੇ ਕੋਈ ਕਾਰੋਬਾਰ ਕਰਕੇ ਪੈਸੇ ਕਮਾ ਸਕੇ ਅਤੇ ਆਪਣੇ ਪਰਿਵਾਰ ਦੀ ਗਰੀਬੀ ਦੂਰ ਕਰ ਸਕੇ।
ਉਹਨਾਂ ਨੇ ਦੱਸਿਆ ਕਿ ਉਹ ਬਹੁਤ ਹੀ ਗਰੀਬ ਕਿਸਾਨ ਪਰਿਵਾਰ ਨਾਲ ਸਬੰਧਤ ਹੈ। ਉਸ ਕੋਲ ਇੱਥੇ ਸਿਰਫ਼ ਡੇਢ ਏਕੜ ਜ਼ਮੀਨ ਸੀ ਅਤੇ ਉਹ ਅਤਿ ਗਰੀਬੀ ਵਿੱਚ ਰਹਿੰਦਾ ਸੀ। ਇੱਥੇ ਉਸ ਕੋਲ ਕਮਾਈ ਦਾ ਕੋਈ ਸਾਧਨ ਨਹੀਂ ਸੀ। ਚੰਗੇ ਭਵਿੱਖ ਦੀ ਆਸ ਵਿੱਚ ਉਹ ਡੇਢ ਏਕੜ ਜ਼ਮੀਨ ਵੇਚ ਕੇ ਇੰਗਲੈਂਡ ਚਲਾ ਗਿਆ ਤਾਂ ਜੋ ਉਹ ਆਪਣਾ ਕੈਰੀਅਰ ਬਣਾ ਸਕੇ। ਪਰ ਉਸ ਦੀ ਮੌਤ ਦੀ ਖ਼ਬਰ ਉਨ੍ਹਾਂ ਲਈ ਇੱਕ ਡਰਾਉਣੇ ਸੁਪਨੇ ਵਰਗੀ ਹੈ। ਉਸ ਨੂੰ ਉਮੀਦ ਨਹੀਂ ਸੀ ਕਿ ਵਿਦੇਸ਼ ਤੋਂ ਅਜਿਹੀ ਖ਼ਬਰਾਂ ਆਏ ਗੀ ਜੋ ਉਸ ਨੂੰ ਹਿਲਾ ਦੇਣਗੀਆਂ। ਉਸ ਨੇ ਦੱਸਿਆ ਕਿ ਬ੍ਰੇਨ ਹੈਮਰੇਜ ਉਸ ਦੀ ਮੌਤ ਦਾ ਕਾਰਨ ਸੀ, ਕੁਝ ਸਮਾਂ ਪਹਿਲਾਂ ਸਾਰਿਆਂ ਨੂੰ ਉਸ ਦੀ ਸਮੱਸਿਆ ਬਾਰੇ ਪਤਾ ਲੱਗਾ। ਜਿਸ ਕਾਰਨ ਉਸ ਨੂੰ ਉਥੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।