ਬਰਨਾਲਾ: ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਸੰਘਰਸ਼ ਜਾਰੀ ਹੈ। ਇਸ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਪੰਜਾਬ ਖੇਤੀ ਮਜ਼ਦੂਰ ਯੂਨੀਅਨ ਵੱਲੋਂ ਕਿਸਾਨ ਮਜ਼ਦੂਰ ਏਕਤਾ ਮਹਾਂਰੈਲੀ ਕੀਤੀ ਗਈ। ਇਸ ਵਿੱਚ ਲੱਖਾਂ ਦੀ ਗਿਣਤੀ ਵਿੱਚ ਲੋਕ ਪੰਜਾਬ ਭਰ ਵਿੱਚੋਂ ਸ਼ਾਮਲ ਹੋਏ। ਇਸ ਰੈਲੀ ਵਿੱਚ ਜਿੱਥੇ ਵੱਖ-ਵੱਖ ਵਰਗਾਂ ਦੇ ਲੋਕ, ਵੱਖ ਵੱਖ ਜੱਥੇਬੰਦੀਆਂ ਦੇ ਆਗੂ ਸ਼ਾਮਲ ਹੋਏ। ਉਥੇ ਹੀ ਪੰਜਾਬੀ ਫ਼ਿਲਮ ਇੰਡਸਟਰੀ ਅਤੇ ਸੰਗੀਤ ਜਗਤ ਵਿੱਚੋਂ ਵੀ ਹਸਤੀਆਂ ਪਹੁੰਚੀਆਂ। ਜਿਨ੍ਹਾਂ ਨੇ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਰੱਦ ਕਰਨ ਲਈ ਕਿਹਾ ਹੈ।
ਇਸ ਮੌਕੇ ਗੱਲਬਾਤ ਕਰਦਿਆਂ ਪੰਜਾਬੀ ਫ਼ਿਲਮ ਇੰਡਸਟਰੀ ਦੀ ਅਦਾਕਾਰਾ ਰੁਪਿੰਦਰ ਰੂਪੀ ਅਤੇ ਪੰਜਾਬੀ ਲੋਕ ਗਾਇਕ ਪੰਮੀ ਬਾਈ ਨੇ ਕਿਹਾ ਕਿ ਖੇਤੀ ਕਾਨੂੰਨ ਕਿਸਾਨਾਂ ਦਾ ਮੌਤ ਦੇ ਵਾਰੰਟ ਹਨ। ਇਸ ਲਈ ਦੇਸ਼ ਦਾ ਅੰਨਦਾਤਾ ਵਿਰੋਧ ਕਰ ਰਿਹਾ ਹੈ। ਦੇਸ਼ ਦੇ ਲੋਕ ਹੁਣ ਆਪਣੇ ਹੱਕਾਂ ਲਈ ਜਾਗ ਚੁੱਕੇ ਹਨ। ਕਿਸਾਨ ਆਪਣੇ ਕੰਮ ਕਾਰ ਅਤੇ ਘਰ ਬਾਰ ਛੱਡ ਕੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਸੰਘਰਸ਼ੀ ਮੈਦਾਨ ਵਿੱਚ ਆ ਚੁੱਕੇ ਹਨ।
ਸਰਕਾਰ ਭਾਵੇਂ ਇਸ ਸੰਘਰਸ਼ ਨੂੰ ਫ਼ੇਲ ਕਰਨ ਲਈ ਹੱਥਕੰਡੇ ਅਪਣਾ ਰਹੀ ਹੈ, ਪਰ ਲੋਕ ਸਰਕਾਰਾਂ ਦੀਆਂ ਚਾਲਾਂ ਤੋਂ ਜਾਣੂ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੀ ਜਿੱਤ ਨੇੜੇ ਹੀ ਹੈ। ਬਰਨਾਲਾ ਦੀ ਮਹਾਰੈਲੀ ਵਿੱਚ ਕਿਸਾਨਾਂ ਦਾ ਇਕੱਠ ਦੱਸਦਾ ਹੈ ਕਿ ਲੋਕ ਮੋਦੀ ਸਰਕਾਰ ਨਾਲ ਲੱਗੀ ਟੱਕਰ ਤੋਂ ਪਿੱਛੇ ਹੱਟਣ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਵਾਪਸ ਲੈਣੇ ਹੀ ਪੈਣੇ ਹਨ।